ਪੱਤਰ ਪ੍ਰੇਰਕ
ਸਾਦਿਕ, 31 ਅਗਸਤ
ਵਿਮੁਕਤ ਕਬੀਲੇ ਮਹਾਸੰਘ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਮੁਕਤੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇੱਥੇ ਤਿੰਨ ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਵਿਮੁਕਤ ਕਬੀਲਿਆਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਆਗੂ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ, ਹਰਜਿੰਦਰ ਸਿੰਘ ਸਾਦਿਕ, ਬਲਦੇਵ ਸਿੰਘ ਪਟਵਾਰੀ ਤੇ ਸ਼ਿੰਦਰ ਸਿੰਘ ਭੱਟੀ ਨੇ ਆਖਿਆ ਭਾਵੇਂ ਭਾਰਤ 15 ਅਗਸਤ 1947 ਨੂੰ ਅਜ਼ਾਦ ਹੋਇਆ ਪਰ ਅੰਗਰੇਜ਼ਾਂ ਵੱਲੋਂ ਵਿਮੁਕਤ ਕਬੀਲਿਆਂ ’ਤੇ ਲਗਾਏ 1871 ਦੇ ਜਰਾਇਮ ਐਕਟ (ਕਾਲਾ ਕਾਨੂੰਨ) ਤੋਂ ਮੁਕਤੀ 31 ਅਗਸਤ 1852 ਨੂੰ ਮਿਲੀ ਸੀ ਇਸ ਲਈ ਉਨ੍ਹਾਂ ਵੱਲੋਂ 31 ਅਗਸਤ ਨੂੰ ਮੁਕਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਬੀਲੇ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਸਥਾਈ ਕਮੀਸ਼ਨ ਬੋਰਡ ਦੀ ਸਥਾਪਨਾ ਕੀਤੀ ਜਾਵੇ। ਇਸ ਦੌਰਾਨ ਕੈਬਨਿਟ ਮੰਤਰੀ ਤੇ ਵਿਧਾਇਕਾਂ ਨੇ ਭਰੋਸਾ ਦਿੱਤਾ ਕਿ ਵਿਮੁਕਤ ਕਬੀਲੇ ਦੇ ਬਣਦੇ ਹੱਕਾਂ ਲਈ ਚਾਰਾਜ਼ੋਈ ਕੀਤੀ ਜਾਵੇਗੀ।