ਰਮਨਦੀਪ ਸਿੰਘ
ਚਾਉਕੇ, 17 ਸਤੰਬਰ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਨਾਲ ਪਿੰਡ ਦੀਆਂ ਸੱਥਾਂ ’ਚ ਹੁਣ ਰੌਣਕ ਦਿਖਾਈ ਨਹੀਂ ਦਿੰਦੀ ਸਗੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਚੱਲ ਰਹੇ ਧਰਨਿਆਂ ’ਚ ਜਾਣ ਨੂੰ ਕਿਸਾਨ ਪਹਿਲ ਦੇਣ ਲੱਗ ਪਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਰਾਮਪੁਰਾ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਬਾਦਲ ਵਿੱਚ ਜਥੇਬੰਦੀ ਵੱਲੋਂ ਲਗਾਏ ਗਏ ਪੰਜ ਰੋਜ਼ਾ ਧਰਨੇ ’ਚ ਅੱਜ ਬਲਾਕ ਰਾਮਪੁਰਾ ਵਿੱਚੋਂ 1200 ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਧਰਨੇ ਲਈ ਨੌਜਵਾਨ ਪਿੰਡ ਵਿੱਚ 500 ਲਿਟਰ ਦੁੱਧ ਇਕੱਠਾ ਕਰਕੇ ਧਰਨੇ ਵਿੱਚ ਲੈ ਕੇ ਆਏ ਹਨ। ਪਿੰਡ ਜਿਉਦ ਦੇ ਕਿਸਾਨ ਆਗੂ ਗੁਲਾਬ ਸਿੰਘ ਨੇ ਦੱਸਿਆ ਕਿ ਹਰ ਰੋਜ਼ 150 ਦੇ ਕਰੀਬ ਕਿਸਾਨ ਪਿੰਡ ਵਿੱਚੋਂ ਧਰਨੇ ਲਈ ਜਾਂਦੇ ਹਨ। ਕਿਸਾਨਾਂ ਆਗੂਆਂ ਨੇ ਦੱਸਿਆ ਕਿ ਹਲਕੇ ਦੇ ਪਿੰਡ ਚਾਉਕੇ ਜੋ ਸਿਆਸੀ ਪਾਰਟੀ ਦਾ ਪਿੰਡ ਵੀ ਕਿਹਾ ਕਿ ਜਾਂਦਾ ਹੈ ਜਿਸ ਵਿੱਚੋਂ ਪਹਿਲਾ ਕਦੇ 20 ਕਿਸਾਨ ਧਰਨਿਆਂ ਵਿੱਚ ਆਉਂਦੇ ਸਨ ਪਰ ਹੁਣ 200 ਦੇ ਕਰੀਬ ਕਿਸਾਨ ਹਰ ਰੋਜ਼ ਧਰਨੇ ਵਿਚ ਆਉਂਦੇ ਹਨ।
ਬੀਕੇਯੂ ਸਿੱਧੂਪਰ ਬਲਾਕ ਪ੍ਰਧਾਨ ਕਰਮ ਸਿੰਘ ਰੋਮਾਣਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਬਠਿੰਡਾ ਵਿੱਚ ਚੱਲ ਰਹੇ ਧਰਨੇ ਵਿੱਚ ਬਲਾਕ ਰਾਮਪੁਰਾ ਵਿੱਚੋਂ 700 ਕਿਸਾਨ ਧਰਨੇ ਵਿੱਚ ਗਏ ਹਨ। ਜਥੇਬੰਦੀ ਦੀ ਇਕਾਈ ਮੰਡੀ ਕਲਾਂ ਦੇ ਪ੍ਰਧਾਨ ਬਲਰਾਜ ਸਿੰਘ ਨੇ ਦੱਸਿਆ ਕਿ ਕੇਵਲ ਪਿੰਡ ਮੰਡੀ ਕਲਾਂ ਵਿਚੋਂ ਹੀ 350 ਕਿਸਾਨ ਧਰਨੇ ਵਿੱਚ ਗਿਆ। ਬੀਕੇਯੂ ਡਕੌਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਬਰਨਾਲਾ ਵਿਚ ਦਿੱਤੇ ਗਏ ਧਰਨੇ ਵਿਚ 40 ਕਿਸਾਨ ਬਾਲਿਆਂਵਾਲੀ, 40 ਕਿਸਾਨ ਰਾਮਪੁਰਾ ਅਤੇ 70 ਕਿਸਾਨ ਮੰਡੀ ਕਲਾਂ ਵਿਚੋਂ ਗਏ ਸਨ। ਖੇਤ ਮਜ਼ਦੂਰ ਯੂਨੀਅਨ ਦੇ ਸੁਬਾ ਪ੍ਰਧਾਨ ਜੋਰਾ ਸਿੰਘ ਨਸਰਾਸੀ ਨੇ ਕਿਹਾ ਕਿ ਬੀਕੇਯੂ ਉਗਰਾਹਾਂ ਦੇ ਧਰਨੇ ਵਿੱਚ ਦਰਜਨਾਂ ਮਜ਼ਦੂਰ ਹਰ ਰੋਜ਼ ਹਾਜਰੀ ਲਵਾਉਂਦੇ ਹਨ। ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਪਿੰਡਾ ਦੀਆ ਸੱਥਾਂ ਵਿੱਚ ਬੈਠਣ ਦਾ ਸਮਾਂ ਨਹੀਂ ਰਿਹਾ ਹੁਣ ਤਾਂ ਘੋਲਾ ਦੇ ਅਖਾੜੇ ਵਿੱਚ ਜਾਕੇ ਹੀ ਜ਼ਮੀਨਾਂ ਅਤੇ ਫਸਲਾਂ ਦੇ ਭਾਅ ਬਚਾਏ ਜਾ ਸਕਦੇ ਸਨ।