ਜਗਤਾਰ ਅਨਜਾਣ
ਮੌੜ ਮੰਡੀ, 28 ਜੁਲਾਈ
ਪਿੰਡ ਰਾਏ ਖਾਨਾ ਦੇ ਛੋਟੀ ਉਮਰ ਦੇ ਸਰਪੰਚ ਮਲਕੀਤ ਖਾਨ ਨੇ ਪਿੰਡ ਨੂੰ ਚੁਫੇਰਿਓਂ ਚਮਕਣ ਲਾ ਦਿੱਤਾ ਹੈ। ਪਿੰਡ ਰਾਏ ਖਾਨਾ ਦੀ ਗ੍ਰਾਮ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਵਾਸੀ ਅਤੇ ਵਿਦੇਸ਼ਾਂ ਦੀ ਧਰਤੀ ’ਤੇ ਵਸੇ ਲੋਕ ਗ੍ਰਾਮ ਪੰਚਾਇਤ ਨੂੰ ਦਾਨ ਦੇ ਕੇ ਪੰਚਾਇਤ ਦਾ ਵਡਮੁੱਲਾ ਸਹਿਯੋਗ ਕਰ ਰਹੇ ਹਨ। ਸੇਵਾਮੁਕਤ ਵਣ ਰੇਂਜ ਅਫਸਰ ਰਾਜਿੰਦਰ ਸਿੰਘ ਨੇ ਪਾਰਕ ਵਿੱਚ 70 ਹਜ਼ਾਰ ਰੁਪਏ ਖਰਚ ਕਰ ਕੇ ਵਧੀਆ ਕਿਸਮਾਂ ਦੇ ਪੌਦੇ ਲਗਵਾਏ। ਡੇਰਾ ਬਾਬਾ ਭੂੰਦੜਸਰ ਦੇ ਬਾਬਾ ਰਾਜੂ ਨੇ 51 ਹਜ਼ਾਰ ਰੁਪਏ ਖਰਚ ਕੇ ਫੁਹਾਰੇ ਤੇ ਪੌਦਿਆਂ ਦੀ ਸੇਵਾ ਕੀਤੀ। ਪਰਵਾਸੀ ਭਾਰਤੀ ਗੁਰਬਖਸ਼ੀਸ਼ ਸਿੰਘ ਦੀ ਪਤਨੀ ਬਲਮਿੰਦਰ ਕੌਰ ਨੇ 42 ਹਜ਼ਾਰ ਰੁਪਏ ਦੀਆਂ ਕਿਤਾਬਾਂ ਭੇਟ ਕੀਤੀਆਂ। ਜਸਵਿੰਦਰ ਕੌਰ, ਹਰਵਿੰਦਰ ਕੌਰ, ਨਿਰਮਲ ਕੌਰ ਅਤੇ ਇੰਦਰਜੀਤ ਕੌਰ ਨੇ ਲਾਇਬਰੇਰੀ ਵਿੱਚ ਐੱਲਈਡੀ ਅਤੇ ਇਨਵਰਟਰ ਲਗਵਾਇਆ। ਸਾਬਕਾ ਫ਼ੌਜੀ ਹਰਮੇਲ ਸਿੰਘ ਨੇ ਐੱਲਈਡੀ ਦਾ ਯੋਗਦਾਨ ਪਾਇਆ। ਨਾਵਲਕਾਰ ਭੁਪਿੰਦਰ ਸਿੰਘ ਮਾਨ ਨੇ ਲਾਇਬਰੇਰੀ ਲਈ ਕਿਤਾਬਾਂ ਦਾ ਸੈਟ ਭੇਟ ਕੀਤਾ। ਪੰਚ ਸੁਖਜੀਤ ਸਿੰਘ ਨੇ ਕਿਹਾ ਕਿ ਦਾਨ ਦੇਣ ਵਾਲੇ ਸੱਜਣਾਂ ਦੀ ਸੂਚੀ ਸਾਂਝੀ ਜਗ੍ਹਾ ’ਤੇ ਲਗਾਈ ਜਾਵੇਗੀ।