ਪੱਤਰ ਪੇ੍ਰਰਕ
ਕਾਲਾਂਵਾਲੀ, 6 ਜੁਲਾਈ
ਖੇਤਰ ਦੇ ਪਿੰਡ ਔਢਾਂ ਦੇ ਵਾਸੀਆਂ ਵੱਲੋਂ ਸ਼ਰਾਬ ਦਾ ਨਾਜਾਇਜ਼ ਠੇਕਾ ਖੋਲ੍ਹਣ ਦੇ ਵਿਰੋਧ ਵਿੱਚ ਬੀਡੀਪੀਓ ਬਲਾਕ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਲਾਂਵਾਲੀ ਦੇ ਐੱਸਡੀਐੱਮ ਉਦੈ ਸਿੰਘ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਵਿਅਕਤੀ ਕਾਲਾਂਵਾਲੀ ਰੋਡ ’ਤੇ ਸਥਿਤ ਧਾਰਮਿਕ ਸਥਾਨ ਸਰਵ ਸਾਂਝ ਪੀਰਖਾਨਾ, ਬਾਬਾ ਨਾਮਦੇਵ ਮੰਦਰ ਅਤੇ ਬਾਬਾ ਵਿਸ਼ਵਕਰਮਾ ਮੰਦਰ ਨੇੜੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਕੇ ਸ਼ਰਾਬ ਦਾ ਠੇਕਾ ਖੋਲ੍ਹਣਾ ਚਾਹੁੰਦੇ ਹਨ, ਜਿਸ ਨੂੰ ਤੁਰੰਤ ਰੋਕਿਆ ਜਾਵੇ। ਉਧਰ, ਪੰਚਾਇਤ ਅਫਸਰ ਉਮੇਦ ਕੁਮਾਰ ਨੇ ਦੱਸਿਆ ਕਿ ਠੇਕੇ ’ਤੇ ਸ਼ਰਾਬ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਵੱਲੋਂ ਡਿਊਟੀ ਮੈਜਿਸਟਰੇਟ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਬੰਧੀ ਐਸਡੀਐਮ ਕਾਲਾਂਵਾਲੀ ਉਦੈ ਸਿੰਘ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਿਗਰਾਨ ਕਮੇਟੀ ਮੈਂਬਰ ਸਤਨਾਮ ਸਿੰਘ ਕੁੰਡਰ, ਸੁਖਰਾਜ ਸਿੰਘ, ਗੁਰਜੰਟ ਸਿੰਘ ਸਹੂ, ਅਮਰਜੀਤ ਸਿੰਘ, ਰਜਿੰਦਰ ਸਿੰਘ ਕੁੰਡਰ, ਮੇਜਰ ਸਿੰਘ, ਕੇਵਲ ਸਿੰਘ, ਸੰਦੀਪ ਸਿੰਘ, ਬਲਦੇਵ ਸਿੰਘ, ਕਾਲਾ ਸਿੰਘ ਸਹੂ ਆਦਿ ਮੌਜੂਦ ਸਨ।