ਪੱਤਰ ਪ੍ਰੇਰਕ
ਮਾਨਸਾ, 28 ਅਗਸਤ
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਕੈਂਸਰ ਹਸਪਤਾਲ ਸਮੇਤ ਹੋਰ ਅਨੇਕਾਂ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ, ਪਰ ਫਿਲਹਾਲ ਪਿੰਡ ਦੀ ਡਿਸਪੈਂਸਰੀ ਵਿੱਚ ਫਾਰਮਾਸਿਸਟ ਜਾਂ ਕੋਈ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਰਿਹਾ ਹੈ। ਬੀਕੇਯੂ ਏਕਤਾ (ਸਿੱਧੂਪੁਰ) ਨੇ ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਮੂਸਾ ਵਿੱਚ ਤੁਰੰਤ ਫਾਰਮਾਸਿਸਟ ਨੂੰ ਤੈਨਾਤ ਕੀਤਾ ਜਾਵੇ। ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਹਰ ਦਿਨ ਸਿਹਤ ਸਹੂਲਤਾਂ ਦੇ ਦਮਗਜ਼ੇ ਮਾਰ ਰਹੀ ਹੈ, ਪਰ ਪਿੰਡ ਮੂਸਾ ਸਿਹਤ ਸਹੂਲਤਾਂ ਵੱਲੋਂ ਕਾਫ਼ੀ ਪਛੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਸਰਕਾਰ ਨੇ ਫਾਰਮਾਸਿਸਟ ਦੀ ਬਦਲੀ ਇੱਥੋਂ ਬਾਹਰ ਦੀ ਕਰ ਦਿੱਤੀ ਹੈ, ਜਿਸ ਕਰਕੇ ਪਿੰਡ ਵਾਸੀਆਂ ਨੂੰ ਸਿਹਤ ਸਹੂਲਤਾਂ ਵਾਸਤੇ ਕਰੀਬ 15 ਕਿਲੋਮੀਟਰ ਦੂਰ ਮਾਨਸਾ ਜਾਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਦੇ ਚੱਲਦੇ ਜਥੇਬੰਦੀ ਵੱਲੋਂ ਸਮੱਸਿਆ ਹੱਲ ਨਾ ਕੀਤੇ ਜਾਣ ’ਤੇ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਹੈ।