ਜਗਤਾਰ ਅਣਜਾਣ
ਮੌੜ ਮੰਡੀ, 2 ਜੂਨ
ਕੌਮੀ ਪੁਰਸਕਾਰ ਜੇਤੂ ਗ੍ਰਾਮ ਪੰਚਾਇਤ ਮਾਣਕ ਖਾਨਾ ਦੇ ਨਿਵੇਕਲੇ ਪਹਿਲਕਦਮੀਂ ਸਦਕਾ ਹੋਏ ਵਿਕਾਸ ਕਾਰਜਾਂ ਨੂੰ ਵੇਖਣ ਲਈ ਉੱਘੇ ਗਾਇਕ ਤੇ ਫਿਲਮ ਕਲਾਕਾਰ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ’ ਪਹੁੰਚੇ। ਉਨ੍ਹਾਂ ਸਰਪੰਚ ਸੈਸ਼ਨਦੀਪ ਕੌਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਆਧੁਨਿਕ ਵਿਧੀਆਂ ਅਪਣਾ ਕੇ ਗਿਆਨਵਰਧਕ ਲਾਇਬਰੇਰੀ, ਮੀਂਹ ਦੇ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਰੀਚਾਰਜ ਪਿਟ ਅਤੇ ਕੂੜੇ ਕਰਕਟ ਦੀ ਸਾਂਭ ਸੰਭਾਲ ਕਰਨ ਲਈ ਚੁੱਕੇ ਗਏ ਕਦਮ ਪਿੰਡ ਮਾਣਕ ਖਾਨਾ ਨੂੰ ਵਿਲੱਖਣਤਾ ਪ੍ਰਦਾਨ ਕਰਨ ਵਾਲੇ ਹਨ ਅਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਲਈ ਪ੍ਰੇਰਨਾਸਰੋਤ ਹਨ। ਇਸ ਸਮੇਂ ਗਾਇਕ ਪੰਮੀ ਬਾਈ ਨੇ ਗ੍ਰਾਮ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਪਿੰਡ ਦੇ ਲੋੜਵੰਦ ਬੇਸਹਾਰਾ ਬੱਚਿਆਂ ਦੀ ਪੜ੍ਹਾਈ ’ਚ ਐਨਜੀਓ ਜਾਗਦਾ ਪੰਜਾਬ ਤਰਫ਼ੋਂ ਸਹਾਇਤਾ ਕਰਵਾਈ ਜਾਵੇਗੀ , ਉਨ੍ਹਾਂ ਇਸ ਮੌਕੇ ਗ੍ਰਾਮ ਪੰਚਾਇਤ ਨੂੰ ਬੇਸਹਾਰਾ ਬੱਚਿਆਂ ਦੀ ਸੂਚੀ ਬਣਾਉਣ ਲਈ ਵੀ ਕਿਹਾ। ਸਰਪੰਚ ਸੈਸ਼ਨਦੀਪ ਕੌਰ ਨੇ ਗਾਇਕ ਪੰਮੀ ਬਾਈ ਦਾ ਪਿੰਡ ਮਾਣਕ ਖਾਨਾ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਐਫਸੀਆਈ ਦੇ ਸੇਵਾਮੁਕਤ ਮੈਨੇਜਰ ਜਸਵਿੰਦਰ ਸਿੰਘ, ਹਰਜੀਤ ਸਿੰਘ , ਪੰਚ ਹਰਬੰਸ ਸਿੰਘ , ਛੋਟਾ ਸਿੰਘ, ਕਿਸਾਨ ਆਗੂ ਲਖਵੀਰ ਸਿੰਘ, ਸੁਖਜੀਤ ਸਿੰਘ ਪੰਚ, ਗ੍ਰਾਮ ਸੇਵਕ ਪਰਮਜੀਤ ਭੁੱਲਰ, ਸੁਖਦੀਪ ਕੋਰ ਅਤੇ ਅਮਨਦੀਪ ਕੌਰ ਹਾਜ਼ਰ ਸਨ।