ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 12 ਜੂਨ
ਉੱਘੇ ਪੰਜਾਬੀ ਲੋਕ ਗਾਇਕ ਮਰਹੂਮ ਕੁਲਦੀਪ ਮਾਣਕ ਦੇ ਜੱਦੀ ਪਿੰਡ ਜਲਾਲ ਵਿੱਚ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਕੁਝ ਗਲੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਪਿੰਡ ਜਲਾਲ ਵਿੱਚ ਗਰੀਬ ਘਰਾਂ ਨੂੰ ਜਾਦੀਆਂ ਕੁਝ ਗਲੀਆਂ ਦੀ ਹਾਲਤ ਤਰਸਯੋਗ ਹੋਣ ਕਰਕੇ ਇੱਥੋਂ ਲੰਘਣ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਹਨ। ਗਲੀਆਂ ਵਿੱਚ ਪਾਣੀ ਖੜਨ ਕਰਕੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸ੍ਰੀ ਭੱਲਾ ਨੇ ਕਿਹਾ ਕਿ ਇਹ ਪਿੰਡ ਪੰਜਾਬ ਦੇ ਮਾਣਮੱਤੇ ਪਿੰਡਾਂ ਵਿੱਚੋਂ ਇੱਕ ਹੈ ਅਤੇ ਸੱਭਿਆਚਾਰ, ਖੇਡਾਂ, ਕਲਾ, ਧਾਰਮਿਕ ਅਤੇ ਰਾਜਨੀਤਕ ਖੇਤਰਾਂ ਵਿੱਚ ਅਹਿਮ ਥਾਂ ਰੱਖਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਬੀਡੀਪੀਓ ਭਗਤਾ ਭਾਈ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜੇਕਰ ਜਲਦੀ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਬੰਧਤ ਅਧਿਕਾਰੀਆਂ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ।
ਜਲਦੀ ਸਮੱਸਿਆ ਹੱਲ ਕਰਾਂਗੇ: ਬੀਡੀਪੀਓ
ਬੀਡੀਪੀਓ ਭਗਤਾ ਭਾਈ ਧਰਮਪਾਲ ਸ਼ਰਮਾ ਅਤੇ ਸਰਪੰਚ ਪਰਮਿੰਦਰ ਸਿੰਘ ਜਲਾਲ ਨੇ ਦੱਸਿਆ ਕਿ ਗਲੀ ਵਿੱਚੋਂ ਪਾਣੀ ਬਾਹਰ ਕੱਢਣ ਲਈ ਮੋਟਰ ਲਗਾਈ ਗਈ ਹੈ। ਇਸ ਉਪਰੰਤ ਮਨਜੂਰੀ ਲੈ ਕੇ ਗਲੀ ਨੂੰ ਉੱਚਾ ਕਰਕੇ ਨਗਰ ਨਿਵਾਸੀਆਂ ਦੀ ਇਸ ਮੁਸ਼ਕਲ ਨੂੰ ਦੂਰ ਕਰ ਦਿੱਤਾ ਜਾਵੇਗਾ।