ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਸਤੰਬਰ
ਇੱਥੇ ਥਾਣੇਦਾਰਾਂ ਦੀਆਂ ਵੱਢੀ ਲੈਂਦਿਆਂ ਦੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓਜ਼ ਨੇ ਵਿਭਾਗ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜ਼ਿਲ੍ਹਾ ਪੁਲੀਸ ਦੇ ਐੱਸਪੀ ਗੁਰਦੀਪ ਸਿੰਘ ਨੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਕੁਝ ਵੀ ਕਹਿਣਾ ਜਲਦੀਬਾਜ਼ੀ ਹੋਵੇਗੀ। ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਸਮਾਧ ਭਾਈ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਇੱਕ ਹੋਰ ਪੁਲੀਸ ਇੰਸਪੈਕਟਰ ਨੇ ਇੱਕ ਲੱਖ ਦੀ ਵੱਢੀ ਲੈਣ ਦਾ ਦੋਸ਼ ਲਗਾਉਂਦੇ ਕਿਹਾ ਕਿ ਪੁਲੀਸ ਖ਼ੁਦ ਵੱਢੀ ਲਈ ਨਸ਼ਾ ਤਸਕਰੀ ਕਰਵਾਉਂਦੀ ਹੈ। ਫ਼ਿਰੋਜ਼ਪੁਰ ਵਿਜੀਲੈਂਸ ’ਰੇਂਜ ਥਾਣੇ ਵਿੱਚ ਇੱਕ ਪੁਲੀਸ ਇੰਸਪੈਕਟਰ ਖ਼ਿਲਾਫ਼ ਆਮਦਨ ਸਰੋਤਾਂ ਤੋਂ ਦੁੱਗਣਾ ਖ਼ਰਚ ਕਰਨ ਦਾ ਮਾਮਲਾ ਦਰਜ ਹੋਇਆ ਹੈ। ਵਿਜੀਲੈਂਸ ਰਿਕਾਰਡ ਮੁਤਾਬਕ ਸਾਲ 2019 ਵਿੱਚ ਰਿਸ਼ਵਤਖੋਰੀ ਦੇ ਮਾਮਲੇ ’ਚ ਸੂਬੇ ਵਿੱਚ ਫ਼ਿਰੋਜ਼ਪੁਰ ਪੁਲੀਸ ਰੇਂਜ ਦੂਜੀਆਂ ਰੇਂਜਾਂ ਦੀ ਪੁਲੀਸ ਦੇ ਮੁਕਾਬਲੇ ਮੋਹਰੀ ਰਹੀ ਹੈ। ਵਿਜੀਲੈਂਸ ਬਿਊਰੋ ਨੇ ਪੁਲੀਸ ਦੇ ਕੁੱਲ 63 ਮੁਲਾਜ਼ਮ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ’ਚੋਂ 16 ਮੁਲਾਜ਼ਮ ਫ਼ਿਰੋਜ਼ਪੁਰ ਰੇਂਜ ਨਾਲ ਸਬੰਧਿਤ ਸਨ।
ਸਥਾਨਕ ਡੀਐੱਸਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਸਰਕਾਰੀ ਮੁਲਾਜ਼ਮ ਉਨ੍ਹਾਂ ਦੇ ਕੰਮ ਬਦਲੇ ਪ੍ਰੇਸ਼ਾਨ ਕਰਦਾ ਹੈ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ।
ਰਿਸ਼ਵਤਖੋਰੀ ਬਰਦਾਸ਼ਤ ਨਹੀਂ ਹੋਵੇਗੀ: ਡੀਆਈਜੀ
ਫ਼ਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਜੋ ਵਿਜੀਲੈਂਸ ਰੇਂਜ ਦੇ ਡੀਆਈਜੀ ਵੀ ਹਨ ਨੇ ਕਿਹਾ ਕਿ ਬਿਓਰੋ ਨੇ ਜਨਤਕ ਦਫਤਰਾਂ ਤੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਜੀਰੋ ਟਾਂਲਰੇਸ਼ਨ ਨੀਤੀ ਹੈ। ਰਿਸ਼ਵਤਖੋਰੀ, ਲਾਪ੍ਰਵਾਹੀ, ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ।