ਜਸਵੰਤ ਜੱਸ
ਫ਼ਰੀਦਕੋਟ, 26 ਅਗਸਤ
ਫ਼ਰੀਦਕੋਟ-ਚਹਿਲ ਰੋਡ ’ਤੇ ਰਾਜਸਥਾਨ ਅਤੇ ਸਰਹਿੰਦ ਫੀਡਰ ਉੱਪਰ 14 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਪੁਲ ਚਾਰ ਸਾਲ ਬਾਅਦ ਮੁਕੰਮਲ ਹੋਣ ਨੇੜੇ ਪੁੱਜ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਪੁਲ਼ ਆਮ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਹ ਪੁਲ ਦੋ ਸਾਲ ਪਹਿਲਾਂ ਤਿਆਰ ਹੋਣਾ ਸੀ ਪਰੰਤੂ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਪੈਦਾ ਹੋਏ ਟਕਰਾਅ ਕਾਰਨ ਇਸ ਪੁਲ ਨੂੰ ਮਿਲਣ ਵਾਲੇ ਫੰਡ ਚਾਰ ਮਹੀਨੇ ਦੇਰੀ ਨਾਲ ਮਿਲੇ ਹਨ। ਇਹ ਪੁਲ ਬਣਨ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ 40 ਪਿੰਡਾਂ ਨਾਲ ਸਿੱਧਾ ਸੰਪਰਕ ਜੁੜ ਜਾਵੇਗਾ ਅਤੇ ਸ਼ਹਿਰ ਦੀਆਂ ਸੜਕਾਂ ਤੋਂ ਟਰੈਫਿਕ ਘਟੇਗਾ। ਇਸ ਦੇ ਨਾਲ ਹੀ ਪਿੰਡ ਚਹਿਲ, ਨੰਗਲ, ਭਾਣਾ, ਚੰਮੇਲੀ ਆਦਿ ਨੂੰ ਜਾਣ ਵਾਲੇ ਮੁਸਾਫਿਰਾਂ ਲਈ ਵੀ 5-7 ਕਿਲੋਮੀਟਰ ਦੀ ਦੂਰੀ ਘਟ ਗਈ ਹੈ। ਦੱਸਣਯੋਗ ਹੈ ਕਿ 1950 ਵਿੱਚ ਇੱਥੇ ਪੁਲ ਉਸਾਰਿਆ ਗਿਆ ਸੀ ਜੋ 2016 ਵਿੱਚ ਕੰਡਮ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਪੁਲ ਦੇ ਨਿਰਮਾਣ ਲਈ 14 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ। ਇਹ ਪੁਲ ਦਸੰਬਰ 2020 ਵਿੱਚ ਮੁਕੰਮਲ ਹੋਣਾ ਸੀ ਪਰੰਤੂ ਲੰਬੀਆਂ ਅੜਚਣਾਂ ਕਾਰਨ ਇਸ ਪੁਲ ਦਾ ਕੰਮ ਦਸ ਮਹੀਨੇ ਪੱਛੜ ਗਿਆ ਸੀ। ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਸਟੀਲ ਦਾ ਪੁਲ਼ ਸ਼ਹਿਰ ਦੀ ਖੁਸ਼ਹਾਲੀ ਤੇ ਸੁੰਦਰਤਾ ਵਿੱਚ ਵੱਡਾ ਯੋਗਦਾਨ ਪਾਵੇਗਾ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਪੁਲ ਦੇ ਆਸ-ਪਾਸ ਸ਼ਾਨਦਾਰ ਸੜਕ ਵੀ ਉਸਾਰੀ ਜਾਵੇਗੀ।