ਜੋਗਿੰਦਰ ਸਿੰਘ ਮਾਨ
ਮਾਨਸਾ, 23 ਸਤੰਬਰ
ਮਾਲਵਾ ਖੇਤਰ ਵਿੱਚ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੀ ਤੜਕਸਾਰ ਤੋਂ ਰੁੱਕ-ਰੁੱਕ ਕੇ ਪੈਣ ਲੱਗੇ ਮੀਂਹ ਅਤੇ ਤੇਜ਼ ਹਵਾ ਨੇ ਅੰਨਦਾਤੇ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਨਰਮਾ ਹਵਾ ਨਾਲ ਟੇਢਾ ਹੋ ਗਿਆ ਹੈ ਅਤੇ ਪੱਕਣ ’ਤੇ ਆਈ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਹਜ਼ਾਰਾਂ ਏਕੜ ਰਕਬੇ ਵਿੱਚ ਖੜ੍ਹੇ ਨਰਮੇ ਨੂੰ ਮੀਂਹ ਦੇ ਪਾਣੀ ਭਿਉਂ ਦਿੱਤਾ ਹੈ, ਜਿਸ ਨਾਲ ਨਰਮਾ ਚੁਗਣ ਦਾ ਕਾਰਜ ਕਈ ਦਿਨਾਂ ਲਈ ਰੁੱਕ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਬਲਵਿੰਦਰ ਸ਼ਰਮਾ ਖਿਆਲਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਆਗੂ ਨਿਰਮਲ ਸਿੰਘ ਝੰਡੂਕੇ, ਇੱਕ ਕਿਸਾਨ ਜਗਮੀਤ ਸਿੰਘ ਮਾਨ ਨੇ ਦੱਸਿਆ ਕਿ ਦਰਜਨਾਂ ਪਿੰਡਾਂ ’ਚੋਂ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਸ ਮੀਂਹ ਨਾਲ 50 ਪ੍ਰਤੀਸ਼ਤ ਤੋਂ ਲੈ ਕੇ 90 ਪ੍ਰਤੀਸ਼ਤ ਤੱਕ ਨੁਕਸਾਨ ਹੋਣ ਦੇ ਵੇਰਵੇ ਹਾਸਲ ਹੋਏ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਸਾਉਣੀ 2021 ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ।
ਸਮਾਲਸਰ (ਗੁਰਜੰਟ ਕਲਸੀ): ਅੱਜ ਵੱਡੇ ਤੜਕੇ ਪਈ ਭਾਰੀ ਬਾਰਿਸ਼ ਨੇ ਝੋਨਾ ਅਤੇ ਹੋਰ ਫਸਲਾਂ ਡੋਬ ਦਿੱਤੀਆਂ। ਕਿਸਾਨਾਂ ਨੇ ਦੱਸਿਆ ਬੇਮੌਸਮੀ ਬਾਰਿਸ਼ ਨਾਲ ਮਿੰਟਾਂ ਵਿਚ ਹੀ ਖੇਤ ਭਰ ਗਏ। ਇਸ ਨਾਲ ਹਰਾ ਚਾਰਾ, ਝੋਨਾ ਤੇ ਹੋਰ ਫ਼ਸਲਾਂ ਨੁਕਸਾਨੀਆਂ ਗਈਆਂ। ਮਾੜੀ ਮੁਸਤਫਾ ਦੇ ਸਬਜ਼ੀ ਦਾ ਕਾਰੋਬਾਰ ਕਰਨ ਵਾਲੇ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਸਬਜ਼ੀ ਲਾਉਣ ਲਈ ਦੋ ਏਕੜ ਜ਼ਮੀਨ 65 ਹਜ਼ਾਰ ਰੁਪਏ ਪ੍ਰਤੀ ਏਕੜ ਸਾਲਾਨਾ ਠੇਕੇ ’ਤੇ ਲਈ ਹੋਈ ਹੈ। ਇਸ ਵਿਚ ਉਸ ਨੇ ਗੋਭੀ, ਪਾਲਕ, ਗਾਜਰਾਂ ਅਤੇ ਮੂਲੀਆਂ ਬੀਜੀਆਂ ਹੋਈਆਂ ਸਨ ਪਰ ਮੀਂਹ ਨਾਲ ਸਾਰੀ ਫਸਲ ਪਾਣੀ ਵਿਚ ਡੁੱਬ ਗਈ ਹੈ। ਬਲਬੀਰ ਸਿੰਘ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਸਿਰਸਾ (ਪ੍ਰਭੂ ਦਿਆਲ): ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਸਾਉਣੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸ਼ਹਿਰੀ ਖੇਤਰਾਂ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸੜਕਾਂ ਤੇ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ਾ ਮੰਗਿਆ ਹੈ।