ਜੋਗਿੰਦਰ ਸਿੰਘ ਮਾਨ
ਮਾਨਸਾ, 11 ਸਤੰਬਰ
ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਬੀਜ ਕਿੱਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਜਾਰੀ ਕੀਤੀ ਗਈ।
ਬਾਗਬਾਨੀ ਵਿਕਾਸ ਅਫ਼ਸਰ ਪਰਮੇਸ਼ਰ ਕੁਮਾਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਇਹ ਕਿੱਟ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰਿਰਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਲਈ ਪ੍ਰਤੀ ਦਿਨ 300 ਗ੍ਰਾਮ ਤਾਜ਼ਾ ਸਬਜ਼ੀਆਂ, ਜਿਸ ’ਚ 120 ਗ੍ਰਾਮ ਹਰੇ ਪੱਤੇ ਵਾਲੀਆਂ ਸਬਜੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਸਬਜੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਨੂੰ ਮੁੱਖ ਰੱਖਕੇ ਤਿਆਰ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਾਸਤੇ ਵਿਭਾਗ ਨੂੰ 1000 ਬੀਜ ਕਿੱਟਾਂ ਪ੍ਰਾਪਤ ਹੋਈਆਂ ਹਨ ਅਤੇ ਘਰੇਲੂ ਬਗੀਚੀ ਲਗਾਕੇ ਕਿਸਾਨ ਵੀਰ ਘਰ ਲਈ ਲੋੜੀਂਦੀ ਸਬਜ਼ੀ ਅਤੇ ਜ਼ਹਿਰ ਰਹਿਤ ਸਬਜੀਆਂ ਪੈਦਾ ਕਰ ਸਕਦੇ ਹਨ। ਉਨ੍ਹਾਂ ਦੱਸਿਆਂ ਕਿ ਕਿਸਾਨ ਵੀਰ ਇਹ ਬੀਜ ਕਿੱਟਾਂ ਦਫਤਰ ਸਹਾਇਕ ਡਾਇਰੈਕਟਰ ਬਾਗਬਾਨੀ, ਪੀ.ਡਲਬਯੂ.ਡੀ ਕੰਪਲੈਕਸ, ਤਿੰਨਕੋਨੀ ਮਾਨਸਾ, ਦਫਤਰ ਬਾਗਬਾਨੀ ਵਿਕਾਸ ਅਫਸਰ, ਸਰਦੂਲਗੜ੍ਹ ਨੇੜੇ ਦਾਣਾ ਮੰਡੀ ਅਤੇ ਦਫਤਰ ਬਾਗਬਾਨੀ ਵਿਕਾਸ ਅਫਸਰ, ਬੁਢਲਾਡਾ ਨੇੜੇ ਆਈ.ਟੀ.ਆਈ ਤੋ ਕਿਸੇ ਵੀ ਦਫਤਰੀ ਕੰਮਕਾਜ ਵਾਲੇ ਦਿਨ ਪ੍ਰਤੀ ਕਿੱਟ 90 ਰੁਪਏ ਦੇ ਹਿਸਾਬ ਨਾਲ ਪ੍ਰਾਪਤ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਬੀਜ ਕਿੱਟ ਜਾਰੀ ਕਰਦੇ ਹੋਏ। -ਫੋਟੋ: ਮਾਨ