ਲਖਵੀਰ ਸਿੰਘ ਚੀਮਾ
ਟੱਲੇਵਾਲ, 4 ਜੂਨ
ਕਰੋਨਾਵਾਇਰਸ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ’ਚ ਹਨ। ਸਬਜ਼ੀ ਕਾਸ਼ਤਕਾਰ ਕਿਸਾਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਕਿਸਾਨਾਂ ਤੋਂ ਸਸਤੇ ਭਾਅ ਸਬਜ਼ੀ ਖਰੀਦ ਕੇ ਵਪਾਰੀਆਂ ਵਲੋਂ ਦੁੱਗਣੇ ਭਾਅ ’ਤੇ ਵੇਚੀ ਜਾ ਰਹੀ ਹੈ। ਭਾਅ ਸਹੀ ਨਾ ਮਿਲਣ ਕਾਰਨ ਸਬਜ਼ੀ ਦੀ ਕਾਸ਼ਤ ਹੇਠ ਰਕਬਾ ਘੱਟ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇਸ ਵਕਤ ਸਿਰਫ਼ 500 ਹੈਕਟੇਅਰ ਰਕਬੇ ਵਿੱਚ ਸਬਜ਼ੀ ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਵੇਲੇ ਸਬਜ਼ੀ ਮੰਡੀ ਦੇ ਤੇ ਬਾਜ਼ਾਰੀ ਭਾਅ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਚੱਲ ਰਿਹਾ ਹੈ। ਕਿਸਾਨਾਂ ਵਲੋਂ ਮਿਰਚ 10 ਰੁਪਏ, ਚੌਲੇਫ਼ਲੀਆਂ 15, ਕੱਦੂ 3 ਤੋਂ 5, ਤੋਰੀ 10-15, ਭਿੰਡੀ 10-12, ਖੀਰਾ 2, ਪੇਠਾ 4, ਸ਼ਿਮਲਾ ਮਿਰਚ 15, ਟਮਾਟਰ 2 ਰੁਪਏ ਅਤੇ ਗੁਆਰਾ ਫ਼ਲੀਆਂ 40 ਰੁਪਏ ਕਿੱਲੋ ਵਲੋਂ ਵੇਚੀ ਜਾ ਰਹੀ ਹੈ। ਜਦੋਂਕਿ ਬਾਜ਼ਾਰ ਵਿੱਚ ਸਬਜ਼ੀਆਂ ਮੰਡੀ ਤੋਂ ਦੁੱਗਣੇ ਭਾਅ ’ਤੇ ਵਿਕ ਰਹੀਆਂ ਹਨ। ਜਦੋਂਕਿ ਬਾਜ਼ਾਰ ਵਿੱਚ ਭਾਅ ਅਨੁਸਾਰ ਕੱਦੂ 15-20 ਰੁਪਏ, ਭਿੰਡੀ 20, ਚੌਲੇ 40, ਗੁਆਰੇ 80 ਰੁਪਏ, ਖੀਰਾ 10, ਟਮਾਟਰ 10 ਰੁਪਏ ਵਿਕ ਰਿਹਾ ਹੈ। ਸਬਜ਼ੀ ਕਾਸ਼ਤਕਾਰ ਕਿਸਾਨ ਅਵਤਾਰ ਸਿੰਘ ਮਹਿਤਾ, ਰਾਜਵਿੰਦਰ ਸਿੰਘ ਚੀਮਾ ਅਤੇ ਰਾਮਜੀਤ ਸਿੰਘ ਬਖਤਗੜ੍ਹ ਨੇ ਦੱਸਿਆ ਕਿ ਬਦਲਵੀਂ ਫ਼ਸਲ ਬੀਜਣ ਵਾਲੇ ਕਿਸਾਨਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ।