ਜੋਗਿੰਦਰ ਸਿੰਘ ਮਾਨ
ਮਾਨਸਾ, 28 ਸਤੰਬਰ
ਇਸ ਖੇਤਰ ’ਚ ਮੀਂਹ ਕਾਰਨ ਹੋਏ ਨੁਕਸਾਨ ਤੋਂ ਬਾਅਦ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਪੰਜਾਬ ਦੇ ਮਾਲਵਾ ਖੇਤਰ ਵਿੱਚ ਸਬਜ਼ੀਆਂ ਦੀ ਘਾਟ ਪੈਦਾ ਹੋਣ ਲੱਗੀ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ’ਚੋਂ ਆਉਂਦੀਆਂ ਸਬਜ਼ੀਆਂ ਵੀ ਮਾਰੀਆਂ ਗਈਆਂ ਹਨ। ਇਲਾਕੇ ਵਿੱਚ ਅਗੇਤੀ ਬੀਜੀ ਫੁੱਲ ਗੋਭੀ, ਬੰਦ ਗੋਭੀ, ਗਾਜਰ, ਸ਼ਲਗ਼ਮ, ਸਰ੍ਹੋਂ ਦਾ ਸਾਗ, ਮੂਲੀਆਂ, ਖੀਰਾ ਮੀਂਹਾਂ ਨੇ ਮਾਰ ਧਰਿਆ ਹੈ। ਸਬਜ਼ੀ ਲਾਉਣ ਵਾਲੇ ਪਿੰਡ ਭੈਣੀਬਾਘਾ, ਠੂਠਿਆਂਵਾਲੀ, ਤਾਮਕੋਟ, ਜਵਾਹਰਕੇ, ਖਿਆਲਾ, ਕੋਟਲੱਲੂ, ਚੁਕੇਰੀਆਂ, ਖਿੱਲਣ, ਨੰਗਲ, ਖੋਖਰ, ਮੂਸਾ ਵਿੱਚ ਖੀਰਾ ਸਮੇਤ ਹੋਰ ਸਬਜ਼ੀਆਂ ਲਾਉਣ ਵਾਲੇ ਕਿਸਾਨ ਮਹਿੰਗੇ ਭਾਅ ਦੇ ਬੀਜ ਬੀਜ ਕੇ ਖੁਸ਼ਹਾਲ ਹੋਣ ਦੀ ਥਾਂ ਮੰਦੇਹਾਲ ਹੋ ਗਏ ਹਨ।
ਅੱਜ ਬਾਜ਼ਾਰ ’ਚੋਂ ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵੇਲੇ ਤੋਰੀ ਦਾ ਭਾਅ 60 ਰੁਪਏ ਕਿਲੋ ਚੱਲ ਰਿਹਾ ਹੈ, ਗੁਆਰੇ ਅਤੇ ਚੌਲਿਆਂ ਦੀਆਂ ਫਲ਼ੀਆਂ 100 ਰੁਪਏ ਕਿਲੋ ਵਿਕ ਰਹੀਆਂ ਹਨ। ਇਸੇ ਤਰ੍ਹਾਂ ਭਿੰਡੀ 60 ਰੁਪਏ, ਬੈਂਗਣ 40 ਰੁਪਏ, ਆਲੂ 20 ਰੁਪਏ, ਕੱਦੂ 50 ਰੁਪਏ, ਅੱਲਾਂ 60 ਰੁਪਏ, ਹਰੀਆਂ ਮਿਰਚਾਂ 100 ਰੁਪਏ, ਸ਼ਿਮਲਾ ਮਿਰਚਾਂ 110 ਰੁਪਏ, ਬੰਦ ਗੋਭੀ ਅਤੇ ਫੁੱਲ ਗੋਭੀ 80 ਰੁਪਏ, ਖੀਰੇ 60 ਰੁਪਏ, ਨਿੰਬੂ 100 ਰੁਪਏ ਵਿਕਣ ਲੱਗੇ ਹਨ। ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਆਗੂ ਲੱਕੀ ਮਿੱਤਲ ਨੇ ਦੱਸਿਆ ਕਿ ਸਬਜ਼ੀਆਂ ਦੀ ਥੁੜ ਕਾਰਨ ਹਿਮਾਚਲ, ਹਰਿਆਣਾ, ਰਾਜਸਥਾਨ ’ਚੋਂ ਆਉਂਦੀਆਂ ਮਾੜੀਆਂ ਮੋਟੀਆਂ ਸਬਜ਼ੀਆਂ ਉਪਰ ਆਉਣ-ਜਾਣ ਦੇ ਭਾੜੇ ਦਾ ਸੇਕ ਲੱਗਣ ਲੱਗਿਆ ਹੈ।
ਲਗਾਤਾਰ ਪਏ ਮੀਂਹ ਨੇ ਖੇਤੀ ਵਿਭਿੰਨਤਾ ਨੂੰ ਮਾਰੀ ਸੱਟ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਭੈਣੀਬਾਘਾ ਪਿੰਡ ਵਿੱਚ ਬਿੰਦਰ ਸਿੰਘ 1 ਏਕੜ, ਮਿੱਠੂ ਸਿੰਘ ਡੇਢ ਏਕੜ, ਦਰਸ਼ਨ ਸਿੰਘ 1 ਏਕੜ, ਨਾਇਬ ਸਿੰਘ 4 ਕਨਾਲ ਖੀਰੇ ਦੀ ਖੇਤੀ ਕੀਤੀ ਸੀ, ਜੋ ਮੀਂਹ ਨੇ ਉਗਰਨ ਸਾਰ ਹੀ ਰਗੜ ਧਰੀ ਹੈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗੁਰਨੇ ਕਿਹਾ ਕਿ ਸਬਜ਼ੀਆਂ ਬੀਜਕੇ ਗੁਜ਼ਾਰਾ ਕਰਨ ਵਾਲੇ ਕਿਸਾਨ ਉਪਰ ਇਸ ਮੀਂਹ ਦਾ ਮਾੜਾ ਅਸਰ ਪਿਆ ਹੈ। ਉਨ੍ਹਾਂ ਵੱਲੋਂ ਖੇਤੀ ਵਿਭਿੰਨਤਾ ਤਹਿਤ ਲਾਈਆਂ ਅਗੇਤੀਆਂ ਸਬਜ਼ੀਆਂ ਦਾ ਵੱਡਾ ਨੁਕਸਾਨ ਹੋ ਗਿਆ ਹੈ।