ਪਵਨ ਗੋਇਲ
ਭੁੱਚੋ ਮੰਡੀ, 27 ਸਤੰਬਰ
ਇੱਥੋਂ ਦੇ ਲਹਿਰਾ ਬੇਗਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੂੰ ਰੋਕ ਕੇ ਪਰਚੀ ਕਟਵਾਉਣ ਲਈ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਖ਼ਿਲਾਫ਼ ਕਿਸਾਨਾਂ ਅਤੇ ਮਜ਼ਦੂਰਾਂ ਨੇ ਟੌਲ ਪਲਾਜ਼ਾ ਨੂੰ ਢਾਈ ਘੰਟੇ ਲਈ ਪਰਚੀ ਮੁਕਤ ਕਰ ਦਿੱਤਾ ਤੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਲਛਮਣ ਸਿੰਘ ਜਥੇਬੰਦੀ ਦੇ ਕੰਮ ਲਈ ਆਪਣੀ ਕਾਰ ’ਤੇ ਬਠਿੰਡਾ ਤੋਂ ਜੇਠੂਕੇ ਵੱਲ ਜਾ ਰਹੇ ਸਨ। ਕਾਰ ’ਤੇ ਜਥੇਬੰਦੀ ਦਾ ਝੰਡਾ ਲੱਗਿਆ ਹੋਇਆ ਸੀ, ਪਰ ਫਿਰ ਵੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ। ਇਸ ਦੌਰਾਨ ਰੋਹ ਵਿੱਚ ਆ ਕੇ ਲਛਮਣ ਸਿੰਘ ਨੇ ਪਲਾਜ਼ਾ ’ਤੇ ਮਜ਼ਦੂਰਾਂ ਨੂੰ ਬੁਲਾ ਕੇ ਧਰਨਾ ਦੇ ਦਿੱਤਾ, ਜਿਸ ਦਾ ਭਾਕਿਯੂ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਸਮਰਥਨ ਕੀਤਾ। ਅਖੀਰ ’ਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਟੌਲ ਅਧਿਕਾਰੀਆਂ ਨਾਲ ਇਸ ਗੱਲ ’ਤੇ ਸਮਝੌਤਾ ਹੋ ਗਿਆ ਕਿ ਜਿਸ ਗੱਡੀ ’ਤੇ ਜਥੇਬੰਦੀ ਦਾ ਝੰਡਾ ਲੱਗਿਆ ਹੋਵੇਗਾ। ਉਸ ਨੂੰ ਨਹੀਂ ਰੋਕਿਆ ਜਾਵੇਗਾ ਅਤੇ ਪਿੰਡਾਂ ਨਾਲ ਪਹਿਲਾਂ ਹੋਏ ਸਮਝੌਤਿਆਂ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ।