ਪੱਤਰ ਪ੍ਰੇਰਕ
ਮਾਨਸਾ, 24 ਫਰਵਰੀ
ਇੱਥੇ ਅੱਜ ਅਧਿਆਪਕਾਂ ਨੇ ਤਨਖ਼ਾਹ ਨਾ ਮਿਲਣ ਕਾਰਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨ੍ਹਾਂ ਅਧਿਆਪਕਾਂ ਨੂੰ ਲਗਾਤਾਰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ, ਜਦੋਂਕਿ ਤੀਜਾ ਮਹੀਨਾ ਮਾਰਚ ਦਾ ਆਰੰਭ ਹੋਣ ਵਾਲਾ ਹੈ।ਇਨ੍ਹਾਂ ਵਿੱਚ ਲਗਪਗ 1400 ਅਧਿਆਪਕ ਪ੍ਰਾਇਮਰੀ ਸਕੂਲਾਂ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ, ਜਦੋਂ ਕਿ 600 ਤੋਂ ਵੱਧ ਅਧਿਆਪਕ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੇਵਾ ਕਰਦੇ ਹਨ। ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਇਥੇ ਸੰਯੁਕਤ ਅਧਿਆਪਕ ਫਰੰਟ ਅਤੇ ਬੀਐੱਡ ਅਧਿਆਪਕ ਫਰੰਟ ਦੀ ਸਾਂਝੀ ਮੀਟਿੰਗ ਕੀਤੀ ਗਈ। ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐਫ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਦੱਸਿਆ ਕਿ ਅਧਿਆਪਕ ਜਥੇਬੰਦੀਆਂ ਨੇ ਭਲਕੇ 25 ਫਰਵਰੀ ਡੀਸੀ ਦਫ਼ਤਰ ਮਾਨਸਾ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਜੋਗਿੰਦਰ ਸਿੰਘ ਬਰ੍ਹੇ,ਦਰਸ਼ਨ ਅਲੀਸ਼ੇਰ,ਹਰਜਿੰਦਰ ਅਨੂਪਗੜ੍ਹ, ਬਲਜਿੰਦਰ ਅਕਲੀਆ, ਰਾਜਵਿੰਦਰ ਬਹਿਣੀਵਾਲ, ਨਵਜੋਸ਼ ਸਪੋਲੀਆ, ਦਮਨਜੀਤ ਸਿੰਘ, ਗੁਰਪ੍ਰੀਤ ਸਿੰਘ ਭੀਖੀ, ਅੰਗਰੇਜ਼ ਸਾਹਨੇਵਾਲੀ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਨੇ ਮੰਨਿਆ ਕਿ ਪ੍ਰਾਇਮਰੀ ਅਧਿਆਪਕਾਂ ਦੀ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਬਜਟ ਨਹੀਂ ਆਇਆ ਹੈ, ਜਿਸ ਸਬੰਧੀ ਪੰਜਾਬ ਸਰਕਾਰ ਨਾਲ ਬਾਕਾਇਦਾ ਪੱਤਰ-ਵਿਵਹਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦਾ ਤਨਖਾਹ ਸਬੰਧੀ ਬਜਟ ਆਉਣ ਕਾਰਨ ਉਨ੍ਹਾਂ ਨੂੰ ਬਾਕਾਇਦਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।