ਭੁੱਚੋ ਮੰਡੀ: ਪਿੰਡ ਭੁੱਚੋ ਕਲਾਂ ਵਿੱਚ ਡੇਰਾ ਰੂੰਮੀ ਦੇ ਗੇਟ ਨਜ਼ਦੀਕ ਅੱਜ ਸ਼ਾਮੀਂ ਕਰੀਬ ਸੱਤ ਵਜੇ ਅਣਪਛਾਤੇ ਵਿਅਕਤੀ ਨੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ। ਪਿੰਡ ਵਾਸੀਆਂ ਨੇ ਜ਼ਖ਼ਮੀ ਔਰਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪਿੰਡ ਦੇ ਪੰਚ ਹਰਭਜਨ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਡੇਰਾ ਰੂੰਮੀ ਦੇ ਗੇਟ ਨਜ਼ਦੀਕ ਦੁਕਾਨ ਕਰਦੀਆਂ ਤਿੰਨ ਔਰਤਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਾਮ ਨੂੰ ਆਪਣੇ ਘਰ ਵੱਲ ਆ ਰਹੀਆਂ ਸਨ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਨੌਜਵਾਨ ਨੇ ਇੰਨਾਂ ਨੂੰ ਰੁਕਣ ਲਈ ਕਿਹਾ ਅਤੇ ਜਦੋਂ ਉਹ ਰੁਕੀਆਂ, ਤਾਂ ਉਸ ਨੇ ਅੱਗੇ ਹੋ ਕੇ ਬਿਊਟੀ ਪਾਰਲਰ ਦਾ ਕੰਮ ਕਰਦੀ ਪ੍ਰਭਜੋਤ ਕੌਰ ਨੂੰ ਗੋਲੀ ਮਾਰ ਦਿੱਤੀ। ਗੋਲੀ ਪੀੜਤ ਔਰਤ ਦੇ ਸੱਜੇ ਮੋਢੇ ਵਿੱਚ ਲੱਗੀ ਹੈ। ਇਸ ਤੋਂ ਬਾਅਦ ਲੋਕਾਂ ਵਿੱਚ ਭਾਜੜ ਪੈ ਗਈ ਅਤੇ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਉਨ੍ਹਾਂ ਦੱਸਿਆ ਕਿ ਔਰਤ ਦੀ ਹਾਲਤ ਸਥਿਰ ਹੈ। -ਪੱਤਰ ਪ੍ਰੇਰਕ