ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 4 ਅਗਸਤ
ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਦੁਆਰਾ ਐੱਸਸੀ ਵਿਦਿਆਰਥੀਆਂ ਤੋਂ ਪੀ.ਟੀ.ਏ. ਫ਼ੰਡ ਉਗਰਾਹੁਣ ਦੇ ਖ਼ਿਲਾਫ਼ ਰੋਸ ਮਾਰਚ ਕੀਤਾ। ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸਹਿਯੋਗ ਨਾਲ ਤਕਰੀਬਨ 100 ਵਿਦਿਆਰਥੀਆਂ ਨੇ ਕਾਲਜ ਗੇਟ ਤੋਂ ਲੈ ਕੇ ਬੱਸ ਸਟੈਂਡ (ਬਾਦਲ-ਬਠਿੰਡਾ ਰੋਡ) ਤੱਕ ਨਾਅਰੇ ਲਾਉਂਦਿਆਂ ਮਾਰਚ ਕੀਤਾ ਤੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਅਰਥੀ ਫੂਕੀ।
ਪੀਐੱਸਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਲੇਮਗੜ੍ਹ ਨੇ ਦੱਸਿਆ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਅਧੀਨ ਸਕਿਉਰਟੀ ਫ਼ੀਸ ਤੋਂ ਇਲਾਵਾ ਕਿਸੇ ਵੀ ਕਿਸਮ ਦੇ ਫ਼ੰਡ/ਫ਼ੀਸ ਦੀ ਉਗਰਾਹੀ ਨਾਜਾਇਜ਼ ਹੈ। ਕਾਲਜ ਦੇ ਵਿਦਿਆਰਥੀ ਕੇਸ਼ਵ ਕੁਮਾਰ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹ ਲੈਣ ਦੀ ਕਥਿਤ ਨੀਅਤ ਇਸ ਕਿਸਮ ਦੇ ਫ਼ੈਸਲਿਆਂ ’ਚੋਂ ਸਾਫ਼ ਨਜ਼ਰ ਆਉਂਦੀ ਹੈ। ਇਸ ਰੋਸ ਮਾਰਚ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹੋਰਨਾਂ ਕਾਂਸਟੀਚੁਐਂਟ ਕਾਲਜਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਵੇਰਵਿਆਂ ਅਨੁਸਾਰ ਇਸ ਕਾਲਜ ਸਮੇਤ ਕੁੱਲ 13 ਕਾਂਸਟੀਚੁਐਂਟ ਕਾਲਜਾਂ ਵਿਚ ਯੂਨੀਵਰਸਿਟੀ ਨਿਰਦੇਸ਼ਾਂ ਅਨੁਸਾਰ ਇਹ ਫ਼ੰਡ ਉਗਰਾਹਿਆ ਜਾ ਰਿਹਾ ਹੈ।
ਇਸ ਮੌਕੇ ਐੱਸ.ਸੀ. ਵਿਦਿਆਰਥੀਆਂ ਤੋਂ ਉਗਰਾਹੇ ਜਾ ਰਹੇ ਇਸ ਫ਼ੰਡ ਨੂੰ ਰੱਦ ਕਰਾਉਣ ਤੋਂ ਇਲਾਵਾ ਜਨਰਲ, ਬੀਸੀ ਵਿਦਿਆਰਥੀਆਂ ਦੇ ਪੀ.ਟੀ.ਏ. ਫ਼ੰਡ ਦੀ ਮੁਆਫ਼ੀ, ਗੈਸਟ ਫ਼ੈਕਲਟੀ ਅਤੇ ਠੇਕਾ ਅਧਾਰਿਤ ਭਰਤੀ ਕੀਤੇ ਅਧਿਆਪਕਾਂ ਨੂੰ ਪੱਕੇ ਕਰਨ, ਕਾਲਜ ਪ੍ਰਾਸਪੈਕਟਸ ਦੀ ਕੀਮਤ ਘੱਟ ਕਰਨ ਅਤੇ ਪ੍ਰੀਖਿਆ ਫ਼ੀਸ ਪਹਿਲਾਂ ਦੀ ਤਰ੍ਹਾਂ ਦਾਖ਼ਲਾ ਫ਼ੀਸ ਤੋਂ ਵੱਖਰੀ ਲਏ ਜਾਣ ਦੀਆਂ ਮੰਗਾਂ ਉਠਾਈਆਂ ਗਈਆਂ। ਵਿਦਿਆਰਥੀਆਂ ਨੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਗੱਲ ਆਖੀ।