ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਸਤੰਬਰ
ਸੂਬੇ ’ਚ ਕੈਪਟਨ ਸਰਕਾਰ ਦੀ ਮੇਲੇ ਲਗਾ ਕੇ ਘਰ ਘਰ ਨੌਕਰੀ ਦੇਣ ਦੀ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਨਹੀਂ ਆਏ। ਉੱਚ ਯੋਗਤਾ ਤੇ ਹੁਨਰਮੰਦ ਬੇਰੁਜ਼ਗਾਰ ਨੌਜਵਾਨਾ ਨੇ ਨਿੱਜੀ ਅਦਾਰਿਆਂ ਦੀ ਨਿਗੂਣੀ ਤਨਖਾਹ ਦੀ ਪੇਸ਼ਕਸ਼ ਠੁਕਰਾਉਂਦਿਆਂ ਸਰਕਾਰ ’ਤੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਅਤੇ ਆਰਥਿਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ।
ਇੱਥੇ ਆਈਟੀਆਈ ਵਿਚ ਰੁਜ਼ਗਾਰ ਮੇਲੇ ’ਚ ਸਿਵਲ ਇੰਜਨੀਅਰ ਡਿਗਰੀ ਪ੍ਰਾਪਤ ਸੁਖਜਿੰਦਰ ਸਿੰਘ ਪਿੰਡ ਮੱਲੇਕੇ ਨੇ ਕੰਪਨੀ ਦੀ 7 ਹਜ਼ਾਰ ਰੁਪਏ ਨੌਕਰੀ ਦੀ ਪੇਸ਼ਕਸ਼ ਠੁਕਰਾਉਂਦਿਆਂ ਆਖਿਆ ਕਿ ਸਰਕਾਰ ਵੱਲੋਂ ਉੱਚ ਅਤੇ ਤਕਨੀਕੀ ਯੋਗਤਾ ਹੁਨਰਮੰਦ ਬੇਰੁਜ਼ਗਾਰ ਨੌਜਵਾਨਾਂ ਦੀ ਨੌਕਰੀ ਲਈ ਕੋਈ ਮਾਪਦੰਡ ਤੈਅ ਨਹੀਂ ਕੀਤੇ ਗਏ। ਨਿੱਜੀ ਕੰਪਨੀਆਂ ਆਪਣੇ ਲਾਭ ਲਈ ਨਿਗੂਣੀ ਤਨਖਾਹ ਦੀ ਪੇਸ਼ਕਸ਼ ਕਰ ਕੇ ਉਨ੍ਹਾਂ ਨਾਲ ਮਜ਼ਾਕ ਹੀ ਨਹੀਂ ਆਰਥਿਕ ਸ਼ੋਸ਼ਣ ਵੀ ਕਰ ਰਹੀਆਂ ਹਨ। ਸਰੀਰਕ ਤੌਰ’ਤੇ ਅਪਾਹਜ ਬੀਏ ਬੀਐੱਡ ਪਾਸ ਗੁਰਪ੍ਰੀਤ ਕੌਰ ਲੀਗਲ ਵਾਲੰਟੀਅਰ ਵਜੋਂ ਕੰਮ ਕਰਦੀ ਰਹੀ ਹੈ। ਉਸ ਦੀ ਯੋਗਤਾ ਮੁਤਾਬਕ ਨੌਕਰੀ ਦੀ ਚੋਣ ਨਾ ਹੋਣ ਕਰਕੇ ਉਹ ਨਿਰਾਸ਼ ਪਰਤ ਗਈ। ਇਸੇ ਤਰ੍ਹਾਂ ਪੋਸਟ ਗ੍ਰੈਜੂਏਸ਼ਨ ਕਰ ਰਹੀ ਰਾਜਵਿੰਦਰ ਕੌਰ ਨੂੰ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਨਿਰਾਸ਼ ਮੁੜਨਾ ਪਿਆ। ਰਘਬੀਰ ਸਿੰਘ ਪਿੰਡ ਚਹਿਲ ਜ਼ਿਲ੍ਹਾ ਫ਼ਰੀਦਕੋਟ ਨੇ ਕਿਹਾ ਕਿ ਨਿੱਜੀ ਬੈਂਕ ਵੱਲੋਂ ਕਮਿਸ਼ਨ ਉੱਤੇ ਕੰਮ ਕਰਨ ਦੀ ਪੇਸ਼ਕਸ਼ ਉਸ ਨੇ ਠੁਕਰਾ ਦਿੱਤੀ।
ਪ੍ਰਸ਼ਾਸਨ ਵੱਲੋਂ 922 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਦਾ ਦਾਅਵਾ
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦਾਅਵਾ ਕੀਤਾ ਕਿ ਰੁਜ਼ਗਾਰ ਮੇਲੇ ਬੇਰੁਜ਼ਗਾਰਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਰੁਜ਼ਗਾਰ ਮੇਲੇ ਦੌਰਾਨ ਯੋਗਤਾ ਅਨੁਸਾਰ 922 ਬੇਰੁਜ਼ਗਾਰਾਂ ਦੀ ਨਾਮੀ ਕੰਪਨੀਆਂ ਨੇ ਚੋਣ ਕੀਤੀ। ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਸੱਕਿਲ ਡਿਵੈਲਪਮੈਂਟ ਅਤੇ ਸਿਖਲਾਈ ਅਫ਼ਸਰ ਪਰਮਿੰਦਰ ਕੌਰ ਨੇ ਦੱਸਿਆ ਕਿ ਰੁਜ਼ਗਾਰ ਮੇਲੇ ’ਚ ਭਾਰਤੀ ਜੀਵਨ ਬੀਮਾ ਨਿਗਮ, ਵਰਧਮਾਨ, ਪੁਖਰਾਜ, ਐੱਚਡੀਐੱਫਸੀ, ਲਾਈਫ ਇੰਸ਼ੋਰੈਂਸ, ਏ-ਵਨ ਇੰਟਰਨੈਸ਼ਨਲ, ਰੈਕਸਾ ਸਕਿਉਰਿਟੀਜ਼, ਸੀਐੱਸਸੀ ਆਦਿ ਕੰਪਨੀਆਂ ਨੇ ਉਮੀਦਵਾਰਾਂ ਦੀ ਇੰਟਰਵਿਊ ਰਾਹੀਂ ਚੋਣ ਕੀਤੀ। ਉਨ੍ਹਾਂ ਦੱਸਿਆ ਕਿ 29 ਸਤੰਬਰ ਨੂੰ ਦੂਜਾ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਆਈਟੀਆਈ ’ਚ ਲਾਇਆ ਜਾਵੇਗਾ।