ਪੱਤਰ ਪ੍ਰੇਰਕ
ਮਾਨਸਾ, 7 ਮਈ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਵੱਲੋਂ ਨੌਕਰੀ ਦੀ ਮੰਗ ਲਈ ਮਾਨਸਾ ਕੈਂਚੀਆਂ ਤੋਂ ਸਿਹਤ ਮੰਤਰੀ ਦੇ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੰਦਿਆਂ ਮੀਟਿੰਗ ਲਈ ਸਮਾਂ ਮੰਗਿਆ ਗਿਆ।
ਇਸ ਤੋਂ ਪਹਿਲਾਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਮਹਿਜ 1900 ਪੋਸਟਾਂ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀ ਇੱਕ ਵੀ ਅਸਾਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਰਤੀ ਸਬੰਧੀ ਉਮਰ ਹੱਦ ਵਿੱਚ ਛੋਟ ਦੇਕੇ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਸਿਹਤ ਦਫ਼ਤਰ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ।
ਇਸੇ ਦੌਰਾਨ ਯੂਨੀਅਨ ਆਗੂਆਂ ਵੱਲੋਂ ਜਿਉਂ ਹੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਿਹਤ ਮੰਤਰੀ ਦੇ ਦਫ਼ਤਰ ਕੋਲ ਪਹੁੰਚੇ ਤਾਂ ਹਾਜ਼ਰ ਅਧਿਕਾਰੀਆਂ ਵੱਲੋਂ ਮੁੱਖ ਗੇਟ ਨੂੰ ਜਿੰਦਰਾ ਮਾਰ ਦਿੱਤਾ ਤਾਂ ਕਿ ਵਰਕਰ ਅੰਦਰ ਨਾ ਪਹੁੰਚ ਜਾਣ। ਕੁਝ ਸਮਾਂ ਗੇਟ ਅੱਗੇ ਨਾਅਰੇਬਾਜ਼ੀ ਉਪਰੰਤ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੇ ਭਰਾ ਅਧਿਆਪਕ ਸੁਰਿੰਦਰ ਸਿੰਗਲਾ ਨੇ ਮੰਗ ਪੱਤਰ ਪ੍ਰਾਪਤ ਕਰ ਕੇ ਅਗਲੇ ਹਫ਼ਤੇ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਨਵਦੀਪ ਰੋਮਾਣਾ, ਲਖਵਿੰਦਰ ਸਿੰਘ ਜੋਗਾ, ਮਨਪ੍ਰੀਤ ਭੁੱਚੋ, ਸੁਖਮੰਦਰ ਕਾਂਗੜ, ਅਵਤਾਰ ਭੁੱਚੋ, ਰਵਿੰਦਰ ਸੰਗਤੀਵਾਲਾ, ਅਮਰਜੀਤ ਅਬੋਹਰ, ਅਮਨਦੀਪ ਫਿਰੋਜ਼ਪੁਰ, ਬੋਹੜ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਗੁਰੂ ਹਰਸਹਾਏ, ਬਲਵਿੰਦਰ ਤਪਾ, ਗੁਰਪਿਆਰ ਬੋੜਾਵਾਲ, ਮਲਕੀਤ ਅਰਨੀਵਾਲਾ ਨੇ ਵੀ ਸੰਬੋਧਨ ਕੀਤਾ।