ਲਖਵੀਰ ਚੀਮਾ
ਟੱਲੇਵਾਲ, 10 ਅਗਸਤ
ਉਚੇਰੀ ਪੜ੍ਹਾਈ ਕਰਨ ਦੇ ਬਾਵਜੂਦ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਬੀਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਆਜ਼ਾਦੀ ਜਸ਼ਨਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਨ੍ਹਾਂ ਬੇਰੁਜ਼ਗਾਰਾਂ ਵੱਲੋਂ ਆਪਣੇ ਘਰਾਂ ’ਤੇ ਕਾਲੇ ਝੰਡੇ ਲਾ ਕੇ 15 ਅਗਸਤ ਨੂੰ ਕਾਲੀ ਆਜ਼ਾਦੀ ਵਜੋਂ ਮਨਾਇਆ ਜਾ ਰਿਹਾ ਹੈ। ਆਪਣੇ ਘਰ ’ਤੇ ਕਾਲਾ ਝੰਡਾ ਚੜ੍ਹਾਉਂਦਿਆਂ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੋਧਪੁਰ ਅਤੇ ਅਮਨ ਬਾਵਾ ਨੇ ਦੱਸਿਆ ਕਿ ਭਾਵੇਂ ਦੇਸ਼ ਨੂੰ ਆਜ਼ਾਦੀ ਹੋਏ 73 ਸਾਲ ਬੀਤ ਚੁੱਕੇ ਹਨ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਯੋਧਿਆਂ, ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਦੇਸ਼ ਵਿੱਚ ਨਹੀਂ ਆਈ। ਗੋਰੇ ਅੰਗਰੇਜ਼ਾਂ ਦੇ ਦੇਸ਼ ਵਿੱਚੋਂ ਜਾਣ ਤੋਂ ਬਾਅਦ ਕਾਲੇ ਅੰਗਰੇਜ਼ਾਂ ਨੇ ਦੇਸ਼ ’ਤੇ ਕਬਜ਼ਾ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਸੂਬਾ ਪੱਧਰੀ ਕਮੇਟੀ ਦੇ ਸੱਦੇ ’ਤੇ ਆਜ਼ਾਦੀ ਜਸ਼ਨਾਂ ਦਾ ਬਾਈਕਾਟ ਕਰਕੇ ਘਰਾਂ ’ਤੇ ਕਾਲੇ ਝੰਡੇ ਚੜ੍ਹਾਏ ਜਾ ਰਹੇ ਹਨ। 15 ਅਗਸਤ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ। ਕਿਉਂਕਿ ਸੂਬੇ ਦੀ ਸੱਤਾ ’ਤੇ ਕਾਬਜ਼ ਕਾਂਗਰਸ ਸਰਕਾਰ ਚੋਣਾਂ ਮੌਕੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ’ਤੇ ਆਈ ਸੀ ਪਰ ਹੁਣ ਤੱਕ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਗਈ। ਕੁਝ ਸਮਾਂ ਪਹਿਲਾਂ ਸਿੱਖਿਆ ਵਿਭਾਗ ਵਲੋਂ ਨਿਗੂਣੀਆਂ 3182 ਆਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪੰਜਾਬੀ ਅਤੇ ਹਿੰਦੀ ਦੀਆਂ ਆਸਾਮੀਆਂ ਵੀ ਬਹੁਤ ਘੱਟ ਹਨ ਜਦੋਂਕਿ ਸੂਬੇ ’ਚ ਅਧਿਆਪਕ ਯੋਗਤਾ ਪਾਸ ਬੇਰੁਜ਼ਗਾਰਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।
ਨਵਜੀਵਨ ਬਰਨਾਲਾ, ਹਰਦੀਪ ਕੌਰ ਭਦੌੜ, ਜਸਵੀਰ ਕੌਰ ਖੇੜੀ ਅਤੇ ਅਵਤਾਰ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਰਕਾਰੀ ਸਕੂਲਾਂ ’ਚ ਦਾਖ਼ਲਾ ਪਹਿਲਾਂ ਨਾਲੋਂ ਵਧਿਆ ਹੈ ਪਰ ਅਸਾਮੀਆਂ ਬਹੁਤ ਖਾਲੀ ਹਨ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲੇ ਹੱਲੇ ਘੱਟੋ-ਘੱਟ 15 ਹਜ਼ਾਰ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕਰੇ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਪਣੀ ਬਣਾਈ ਰਣਨੀਤੀ ਤਹਿਤ ਸੰਘਰਸ਼ ਕਰਨਗੇ ਅਤੇ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਉ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ।