ਪੱਤਰ ਪ੍ਰੇਰਕ
ਤਲਵੰਡੀ ਭਾਈ, 12 ਅਗਸਤ
ਲੰਪੀ ਸਕਿਨ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਵਿੱਚ ਲਗਾਤਾਜ ਵਾਧਾ ਹੋਣ ਕਾਰਨ ਜਿੱਥੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੁੱਲ੍ਹ ਚੁੱਕੀ ਹੈ ਉਥੇ ਹੀ ਸਰਕਾਰ ਵੱਲੋਂ ਪਸ਼ੂਆਂ ਦੀਆਂ ਲਾਸ਼ਾਂ ਨੂੰ ਸਾਂਭਣ ਸਬੰਧੀ ਜਾਰੀ ਹਦਾਇਤਾਂ ਦਾ ਵੀ ਭਾਂਡਾ ਫੁੱਟ ਚੁੱਕਾ ਹੈ। ਹੁਣ ਤੱਕ ਪੰਜਾਬ ਸਰਕਾਰ ਤੇ ਵਿਭਾਗ ਵੱਲੋਂ ਕੀਤੇ ਪ੍ਰਬੰਧ ਨਾ ਤਾਂ ਇਸ ਬਿਮਾਰੀ ਦੀ ਰੋਕਥਾਮ ਲਈ ਕਾਰਗਰ ਸਿੱਧ ਹੋਏ ਹਨ ਅਤੇ ਨਾ ਹੀ ਮਰ ਰਹੇ ਪਸ਼ੂਆਂ ਦੀਆਂ ਲਾਸ਼ਾਂ ਲਈ ਕੋਈ ਠੋਸ ਕਾਰਵਾਈ ਅਮਲ ਵਿੱਚ ਦੇਖਣ ਨੂੰ ਮਿਲ ਰਹੀ ਹੈ।
ਪੂਰੇ ਸੂਬੇ ਦੀਆਂ ਸੜਕਾਂ ਤੇ ਰਾਜ ਮਾਰਗਾਂ ’ਤੇ ਲੰਪੀ ਸਕਿਨ ਨਾਲ ਮਰਨ ਵਾਲੇ ਪਸ਼ੂਆਂ ਦੇ ਸਰੀਰ ਖੁੱਲ੍ਹੇ ਵਿੱਚ ਗਲ ਸੜ ਰਹੇ ਹਨ। ਲਾਸ਼ਾਂ ਦੇ ਗਲਣ ਸੜਨ ਕਰਕੇ ਵਾਤਾਵਰਨ ਵਿੱਚ ਗੰਦੀ ਬਦਬੂ ਅਤੇ ਗਲੇ ਸੜੇ ਸਰੀਰਾਂ ਦੀ ਰਹਿੰਦ ਖੂੰਹਦ ਕਰਕੇ ਮਨੁੱਖਤਾ ਵਿੱਚ ਭਿਆਨਕ ਬਿਮਾਰੀਆਂ ਦੇ ਵਧਣ ਦਾ ਖਤਰਾ ਬਣ ਗਿਆ ਹੈ।
ਅਵਾਰਾ ਜਾਨਵਰਾਂ ਦੀਆਂ ਪਈਆਂ ਲਾਸ਼ਾਂ ਨੂੰ ਖਾਣ ਵਾਸਤੇ ਅਵਾਰਾ ਕੁੱਤਿਆਂ ਦੀ ਭਰਮਾਰ ਸੜਕਾਂ ’ਤੇ ਆਮ ਹੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਰਾਹਗੀਰਾਂ ਨੂੰ ਸੜਕਾਂ ਉੱਤੇ ਸਾਈਕਲ ਅਤੇ ਮੋਟਰਸਾਈਕਲ ਨਾਲ ਸਫਰ ਕਰਨ ਵਿਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇ ਇਸੇ ਤਰ੍ਹਾਂ ਹੀ ਸਥਿਤੀ ਨੂੰ ਹੱਥੋਂ ਨਿਕਲਣ ਦਿੱਤਾ ਗਿਆ ਤਾਂ ਬਹੁਤ ਹੀ ਜਲਦੀ ਮਨੁੱਖਤਾ ਵਿੱਚ ਕੋਈ ਵੱਡੀ ਭਿਆਨਕ ਬਿਮਾਰੀ ਫੈਲਣ ਦਾ ਵੀ ਖਦਸ਼ਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦਿਆਂ ਇਸ ਬਿਮਾਰੀ ’ਤੇ ਕਾਬੂ ਪਾਉਣ ਵਾਸਤੇ ਕੋਈ ਠੋਸ ਕਦਮ ਚੁੱਕੇ ਜਾਣ ਅਤੇ ਨਾਲ ਹੀ ਅਵਾਰ ਪਸ਼ੂਆਂ ਦੇ ਮਰਨ ਉਪਰੰਤ ਉਨ੍ਹਾਂ ਦੇ ਸਰੀਰਾਂ ਦੀ ਸਾਂਭ ਸੰਭਾਲ ਵਾਸਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ’ਤੇ ਸਮਾਂ ਰਹਿੰਦਿਆਂ ਕਾਬੂ ਕੀਤਾ ਜਾ ਸਕੇ।
ਸੂਏ ਦੀਆਂ ਪਟੜੀਆਂ ’ਤੇ ਪਹਿਰਾ ਦੇ ਰਹੇ ਨੇ ਬੇਲਦਾਰ
ਬਠਿੰਡਾ (ਪੱਤਰ ਪ੍ਰੇਰਕ) ਲੰਪੀ ਸਕਿਨ ਬਿਮਾਰੀ ਤੋਂ ਪੀੜਤ ਮਰੇ ਪਸ਼ੂਆਂ ਨੂੰ ਵਗਦੇ ਪਾਣੀ ਵਿੱਚ ਸੁੱਟਣ ਦੇ ਮਾਮਲੇ ਦੀ ਖਬਰ ਟ੍ਰਿਬਿਊਨ ਵੱਲੋਂ ਪ੍ਰਕਾਸ਼ਿਤ ਕਰਨ ਤੋਂ ਬਾਅਦ ਨਹਿਰੀ ਵਿਭਾਗ ਸਰਗਰਮ ਹੋ ਗਿਆ ਹੈ। ਵਿਭਾਗ ਵੱਲੋਂ ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਬਾਹਰ ਕਢਵਾਉਣ ਤੋਂ ਬਾਅਦ ਪਸ਼ੂਆਂ ਦੀਆਂ ਲਾਸ਼ਾਂ ਨੂੰ ਧਰਤੀ ਹੇਠ ਦਬਾਇਆ ਜਾ ਰਿਹਾ ਹੈ। ਵਿਭਾਗ ਦੇ ਐੱਸਡੀਓ ਜਸਕਰਨ ਸਿੰਘ ਸੇਖੋਂ ਨੇ ਦੱਸਿਆ ਰਜਬਾਹਿਆਂ ਦੀਆਂ ਪਟੜੀਆਂ ’ਤੇ ਬੇਲਦਾਰਾਂ ਦੀਆਂ ਸਖਤ ਡਿਊਟੀਆਂ ਲਾ ਕੇ ਨਜ਼ਰਸਾਨੀ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਉੱਥੇ ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਮੰਗਿਆ ਹੈ ਤੇ ਪਿੰਡਾਂ ਦੇ ਗੁਰੂਘਰਾਂ ਤੋਂ ਹੋ ਕੇ ਦਿਵਾਏ ਗਏ ਹਨ ਕਿ ਮੁਰਦੇ ਪਸ਼ੂਆਂ ਨੂੰ ਵਗਦੇ ਪਾਣੀ ’ਚ ਨਾ ਸੁੱਟਿਆ ਜਾਵੇ। ਕੋਟਭਾਈ ਰਜਬਾਹੇ ’ਤੇ ਕੰਮ ਕਰਦੇ ਬੇਲਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੂਏ ਦਾ ਸਰਵੇ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡਾਂ ਦੇ ਲੋਕਾਂ ਨੇ ਹੁਣ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਸਰਹਿੰਦ ਨਹਿਰ ਸਣੇ ਰਜਵਾਹਿਆਂ ’ਚ ਸੁਟਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਚਮੜੀ ਦੀ ਬਿਮਾਰੀ ਦੇ ਫੈਲਣ ਦਾ ਖਤਰਾ ਵਧ ਗਿਆ ਹੈ। ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾ ਨੇੜੇ ਕੋਟਭਾਈ ਰਜਬਾਹੇ ’ਚ ਬੀਤੇ ਦਿਨ ਪੰਜ ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਕਾਰਨ ਸਹਿਮ ਪੈਦਾ ਹੋ ਗਿਆ ਸੀ। ਮਾਹਿਰਾਂ ਨੇ ਕਿਹਾ ਕਿ ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਨੂੰ ਸੂਏ ਕੱਸੀਆਂ ’ਚ ਸੁੱਟਣਾ ਖ਼ਤਰਨਾਕ ਰੁਝਾਨ ਹੈ ਤੇ ਚਿੰਤਾ ਦਾ ਵਿਸ਼ਾ ਹੈ। ਜੇ ਹੁਣੇ ਇਸ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸਥਿਤੀ ਬੱਦਤਰ ਹੋ ਸਕਦੀ ਹੈ। ਪੀੜਤ ਲੋਕਾਂ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਦਾ ਨਿਪਟਾਰਾ ਕਰਨ ਲਈ 1500 ਤੋਂ 2500 ਰੁਪਏ ਤੱਕ ਮਹਿੰਗਾ ਸਾਬਤ ਹੋ ਰਿਹਾ ਹੈ। ਪੀੜਤ ਲੋਕਾਂ ਨੇ ਮੰਗ ਕੀਤੀ ਜੇ.ਸੀ.ਬੀ ਮਸ਼ੀਨ ਦੁਆਰਾ ਖੁਦਾਈ ਤੇ ਲਾਸ਼ ਨੂੰ ਦਫ਼ਨਾਉਣ ਲਈ ਚੁੱਕਣ ਲਈ, ਰਾਜ ਸਰਕਾਰ ਨੂੰ ਮਰੇ ਹੋਏ ਪਸ਼ੂਆਂ ਦੀ ਲਾਸ਼ ਦੇ ਨਿਪਟਾਰੇ/ਦਫ਼ਨਾਉਣ ਲਈ ਇੱਕ ਉਚਿਤ ਯੋਜਨਾ ਤਿਆਰ ਕਰਨੀ ਚਾਹੀਦੀ ਹੈ।