ਭਾਰਤ ਭੂਸ਼ਨ ਆਜ਼ਾਦ/ਗੁਰਪ੍ਰੀਤ ਸਿੰਘ
ਕੋਟਕਪੂਰਾ/ਸਾਦਿਕ, 25 ਫਰਵਰੀ
ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਜੰਗੀ ਤਣਾਅ ਦੀ ਚਿੰਤਾ ਪੰਜਾਬੀਆਂ ਨੂੰ ਵੀ ਸਤਾਉਣ ਲੱਗੀ ਹੈ। ਪੜ੍ਹਾਈ ਕਰਨ ਗਏ ਕੋਟਕਪੂਰੇ ਦੇ ਅਭਿਸ਼ੇਕ ਅਤੇ ਮਹਿਮੂਆਣਾ ਦੀ ਖੁਸ਼ਿਵੰਦਰ ਕੌਰ ਸਮੇਤ ਬਾਕੀ ਵਿਦਿਆਰਥੀਆਂ ਦੇ ਪਰਿਵਾਰ ਸਹਿਮੇ ਹੋਏ ਹਨ। ਅਭਿਸ਼ੇਕ ਨੇ ਆਪਣੀ ਮਾਤਾ ਸੁਖਜੀਤ ਕੌਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਹ ਇਸ ਵੇਲੇ ਮੈਟਰੋ ਸਟੇਸ਼ਨ ’ਤੇ ਹੈ। ਯੂਕਰੇਨ ਵਿਚ ਟਰਾਂਸਪੋਰਟ ਅਤੇ ਰੇਲਵੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ ਅਤੇ ਕੰਮਕਾਜ ਠੱਪ ਹੋ ਚੁੱਕੇ ਹਨ। ਸੁਖਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਕਰੀਬ 20 ਦਿਨ ਪਹਿਲਾਂ ਹੀ ਨੈਸ਼ਨਲ ਯੂਨੀਵਰਸਿਟੀ ਖਾਰਕੀਵ ’ਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਸੀ। ਉਸ ਨੇ ਭਾਰਤ ਸਰਕਾਰ ’ਤੇ ਉਮੀਦ ਜਤਾਈ ਕਿ ਉਹ ਅਭਿਸ਼ੇਕ ਨੂੰ ਸਹੀ ਸਲਾਮਤ ਭਾਰਤ ਲੈ ਆਵੇਗੀ। ਇਸੇ ਤਰ੍ਹਾਂ ਖੁਸ਼ਿਵੰਦਰ ਕੌਰ ਦੇ ਚਾਚਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਪੰਜ ਸਾਲ ਪਹਿਲਾਂ ਪੜ੍ਹਣ ਲਈ ਯੁਕਰੇਨ ਗਈ ਸੀ। ਹਾਲੇ ਉਸ ਦੀ ਇੱਕ ਸਾਲ ਦੀ ਪੜ੍ਹਾਈ ਬਾਕੀ ਹੈ। ਬੀਤੇ ਦਿਨ ਖੁਸ਼ਿਵੰਦਰ ਨੇ ਭਾਰਤ ਆਉਣਾ ਸੀ ਪਰ ਐਨ ਮੌਕੇ ’ਤੇ ਉਡਾਣਾਂ ਰੱਦ ਹੋਣ ਕਰ ਕੇ ਉਸਦੀ ਟਿਕਟ ਰੱਦ ਕਰ ਦਿੱਤੀ ਗਈ ਹੈ। 20 ਫਰਵਰੀ ਨੂੰ ਯੂਕਰੇਨ ਤੋਂ ਆਈ ਜਤਿੰਦਰ ਕੌਰ ਗਿੱਲ ਨੇ ਦੱਸਿਆ ਕਿ ਉੱਥੇ ਵਿਦਿਆਰਥੀਆਂ ਦੀ ਹਾਲਤ ਬਹੁਤ ਤਰਸਯੋਗ ਹੈ। ਇਕ ਪਾਸੇ ਠੰਢ ਤੇ ਦੂਜੇ ਪਾਸੇ ਬੰਬਾਂ ਦੀ ਆਵਾਜ਼ਾਂ ਕਾਰਨ ਵਿਦਿਆਰਥੀ ਸਹਿਮ ਗਏ ਹਨ।
ਸਰਦੂਲਗੜ੍ਹ (ਬਲਜੀਤ ਸਿੰਘ): ਇੱਥੋਂ ਨੇੜਲੇ ਪਿੰਡ ਝੰਡਾ ਕਲਾਂ ਦੇ ਗੁਰਮੀਤ ਸਿੰਘ ਦੀ ਲੜਕੀ ਅਮਨਦੀਪ ਕੌਰ ਵੀ ਯੂਕਰੇਨ ਵਿਚ ਫਸੀ ਹੋਈ ਹੈ। ਉਹ 12 ਦਸੰਬਰ 2020 ਨੂੰ ਐੱਮਬੀਬੀਐੱਸ ਕਰਨ ਯੂਕਰੇਨ ਗਈ ਸੀ। ਅਮਨਦੀਪ ਨੇ ਦੱਸਿਆ ਕਿ ਲਗਪਗ 800 ਵਿਦਿਆਰਥੀਆਂ ਨੂੰ ਮੈਟਰੋ ਸਟੇਸ਼ਨ ਦੀ ਬੇਸਮੈਂਟ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕੋਲ ਖਾਣ-ਪੀਣ ਦੀਆਂ ਸੀਮਤ ਵਸਤਾਂ ਹੀ ਰਹਿ ਗਈਆਂ ਹਨ। ਇਸੇ ਤਰ੍ਹਾਂ ਇਥੋਂ ਦੇ ਡਾ. ਪ੍ਰਿਥੀ ਚੰਦ ਦਾ ਲੜਕਾ ਅਭਿਜੀਤ ਵੀ ਉਥੇ ਫਸਿਆ ਹੋਇਆ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਲੋੜੀਂਦੇ ਪ੍ਰਬੰਧ ਕਰੇ।
ਫਾਜ਼ਿਲਕਾ (ਪਰਮਜੀਤ ਸਿੰਘ): ਅਬੋਹਰ ਦੇ ਮੁਹੱਲਾ ਭਗਵਾਨਪੁਰਾ ਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰਜਿੰਦਰ ਸਿੰਘ ਯੂਕਰੇਨ ਵਿਚ ਹੈ। ਉੱਥੇ ਦਹਿਸ਼ਤ ਦਾ ਮਾਹੌਲ ਹੈ ਅਤੇ ਬੱਚੇ ਡਰੇ ਹੋਏ ਹਨ। ਇਸੇ ਤਰ੍ਹਾਂ ਨਾਨਕ ਨਗਰੀ ਵਾਸੀ ਰਾਜੂ ਵਿੱਜ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀਕਸ਼ਾ ਯੂਕਰੇਨ ’ਚ ਐੱਮਬੀਬੀਐੱਸ ਕਰ ਰਹੀ ਹੈ। ਵੀਰਵਾਰ ਨੂੰ ਦੀਕਸ਼ਾ ਨਾਲ ਹੋਈ ਗੱਲਬਾਤ ਮੁਤਾਬਕ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾ ਦਿੱਤਾ ਹੈ ਪਰ ਫਿਰ ਵੀ ਉਹ ਕਾਫ਼ੀ ਚਿੰਤਤ ਹਨ। ਦੋ ਦਿਨ ਪਹਿਲਾਂ ਯੂਕਰੇਨ ਤੋਂ ਪਰਤੇ ਅਬੋਹਰ ਦੀ ਤਾਰਾ ਅਸਟੇਟ ਕਲੋਨੀ ਵਾਸੀ ਹਿਨਾ ਸੋਨੀ ਅਤੇ ਇਸੇ ਕਲੋਨੀ ਦੇ ਯੁਵਰਾਜ ਭਾਦੂ ਨੇ ਦੱਸਿਆ ਕਿ ਉਹ ਦੋਵੋਂ ਯੂਕਰੇਨ ਦੇ ਲਬੀਬ ਸੂਬੇ ’ਚ ਸਥਿਤ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਕਰ ਰਹੇ ਹਨ। ਭਾਰਤੀ ਦੂਤਾਵਾਸ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਸੀ।
ਮਹਿਲ ਕਲਾਂ (ਨਵਕਿਰਨ ਸਿੰਘ): ਮਹਿਲ ਕਲਾਂ ਖੇਤਰ ਦੇ ਅੱਧੀ ਦਰਜਨ ਦੇ ਕਰੀਬ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ। ਮਹਿਲ ਕਲਾਂ ਵਾਸੀ ਕੇਸਰ ਖਾਨ ਨੇ ਦੱਸਿਆ ਕਿ ਉਨ੍ਹ੍ਵਾਂ ਦਾ ਪੁੱਤਰ ਮੁਹੰਮਦ ਸਕੀਲ ਐੱਮਬੀਬੀਐੱਸ ਕਰਨ 2017 ’ਚ ਯੂਕਰੇਨ ਗਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਹੀ ਯੂਕਰੇਨ ਵਿਚ ਬਣੇ ਜੰਗ ਵਾਲੇ ਹਲਾਤ ਕਾਰਨ ਉਹ ਪ੍ਰੇਸ਼ਾਨ ਹਨ ਅਤੇ ਬੇਟੇ ਦੀ ਜਲਦੀ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ।ਜਰਨੈਲ ਸਿੰਘ ਵਾਸੀ ਗੰਗੋਹਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 2019 ’ਚ ਪੜ੍ਹਾਈ ਕਰਨ ਯੂਕਰੇਨ ਗਈ ਸੀ। ਬੇਟੀ ਨਾਲ ਮੋਬਾਈਲ ਫੋਨ ਜ਼ਰੀਏ ਗੱਲਬਾਤ ਤਾਂ ਹੋ ਰਹੀ ਹੈ ਪਰ ਉਸ ਦੀ ਹਾਲਤ ਦੇਖੀ ਨਹੀਂ ਜਾ ਰਹੀ। ਉਹ ਬਾਕੀ ਵਿਦਿਆਰਥੀਆਂ ਨਾਲ ਮੈਟਰੋ ਸਟੇਸ਼ਨ ’ਚ ਰਹਿਣ ਲਈ ਮਜਬੂਰ ਹੈ। ਇਸੇ ਤਰ੍ਹਾਂ ਪਿੰਡ ਰਾਏਸਰ ਨਾਲ ਸਬੰਧਤ ਤਿੰਨ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਯੂਕਰੇਨ ਗਏ ਹੋਏ ਹਨ, ਤਿੰਨਾਂ ਦੇ ਮਾਪੇ ਯੂਕਰੇਨ ਵਿੱਚ ਬਣੇ ਹਾਲਾਤ ਕਾਰਨ ਚਿੰਤਤ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵਾਪਸ ਬੁਲਾਉਣ ਲਈ ਸਰਕਾਰ ਅੱਗੇ ਅਰਜੋਈ ਕੀਤੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਮੰਗ ਪੱਤਰ ਸੌਂਪਿਆ ਤੇ ਅਪੀਲ ਕੀਤੀ ਕਿ ਸਰਕਾਰ ਉਨ੍ਹਾਂ ਦੇ ਧੀਆਂ-ਪੁੱਤਾਂ ਨੂੰ ਯੂਕਰੇਨ ਵਿੱਚ ਛਿੜੀ ਜੰਗ ਤੋਂ ਬਾਹਰ ਕੱਢੇ। ਇਸ ਦੌਰਾਨ ਨਿਰਮਲ ਸਿੰਘ, ਗੁਰਤੇਜ ਸਿੰਘ ਅਤੇ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਮਨਜਿੰਦਰ ਕੌਰ ਮਾਨਸਾ, ਅਨਾਮਿਕਾ ਸ਼ਰਮਾ ਭੀਖੀ, ਜ਼ਸਨਪ੍ਰੀਤ ਕੌਰ ਖੜਕ ਸਿੰਘ ਵਾਲਾ, ਸੁਖਪ੍ਰੀਤ ਕੌਰ ਅਤੇ ਮੰਨੂ ਕੌਰ ਰੱਲਾ ਯੂਕਰੇਨ ਵਿੱਚ ਤਿੰਨ ਸਾਲਾਂ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਸਿਮਰਜੀਤ ਕੌਰ ਸਿੰਮੀ ਨੇ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਵੱਲੋਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਬਠਿੰਡਾ/ਤਲਵੰਡੀ ਸਾਬੋ (ਮਨੋਜ ਸ਼ਰਮਾ/ਜਗਜੀਤ ਸਿੰਘ ਸਿੱਧੂ): ਤਲਵੰਡੀ ਸਾਬੋ ਖੇਤਰ ਦੇ ਵਿਦਿਆਰਥੀ ਯੂਕਰੇਨ ਵਿੱਚ ਫਸ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਮਾਪੇ ਚਿੰਤਾ ’ਚ ਹਨ। ਪਤਾ ਲੱਗਿਆ ਹੈ ਕਿ ਤਲਵੰਡੀ ਸਾਬੋ ਦੇ ਦੋ ਸਕੇ ਭੈਣ ਭਰਾ ਅਤੇ ਇਕ ਹੋਰ ਲੜਕੀ ਯੂਕਰੇਨ ਵਿੱਚ ਸਾਲ 2020 ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਏ ਸਨ। ਤਲਵੰਡੀ ਦੀ ਰਹਿਣ ਵਾਲੀ ਰਿਪਨਜੀਤ ਕੌਰ ਪੁੱਤਰੀ ਲਾਭ ਸਿੰਘ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਅਕਤੂਬਰ 2021 ਵਿੱਚ ਵਿਚ ਯੂਕਰੇਨ ਗਈ ਸੀ। ਯੂਕਰੇਨ ’ਚ ਪੜ੍ਹ ਰਹੇ ਹਰਸ਼ਦੀਪ ਸਿੰਘ ਅਤੇ ਪਲਕਪ੍ਰੀਤ ਕੌਰ ਦੇ ਪਿਤਾ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਕ ਦਿਨ ਪਹਿਲਾਂ ਸੜਕੀ ਰਸਤੇ ਰਾਹੀਂ ਹੰਗਰੀ ਲਿਜਾਇਆ ਜਾ ਰਿਹਾ ਸੀ ਪ੍ਰੰਤੂ ਰਸਤੇ ਵਿੱਚ ਹਮਲੇ ਦਾ ਸਾਇਰਨ ਵੱਜਣ ਕਾਰਨ ਮੁੜ ਬੰਕਰਾਂ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਸਮੈਸਟਰ ਦੀ ਪੜ੍ਹਾਈ ਕਰ ਰਹੇ ਭੈਣ-ਭਰਾ ਨੇ ਮਾਰਚ ਮਹੀਨੇ ਦੌਰਾਨ ਇੰਡੀਆ ਆਉਣਾ ਸੀ ਪਰ ਫਲਾਈਟਾਂ ਬੰਦ ਹੋਣ ਕਾਰਨ ਉਹ ਬੁਰੀ ਤਰ੍ਹਾਂ ਫਸ ਗਏ ਹਨ।
ਯੂਕਰੇਨ ’ਚ ਫਸੇ ਵਿਦਿਆਰਥੀ ਨੂੰ ਉਡੀਕ ਰਹੇ ਨੇ ਮਾਪੇ
ਮੋਗਾ (ਮਹਿੰਦਰ ਸਿੰਘ ਰੱਤੀਆਂ): ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਹਾਲੇ ਘੱਟਦੀ ਨਜ਼ਰ ਨਹੀਂ ਆ ਰਹੀ। ਉੱਥੇ ਫਸੇ ਵੱਡੀ ਗਿਣਤੀ ਵਿਦਿਆਰਥੀ ਆਪਣੇ ਮਾਪਿਆਂ ਨੂੰ ਵੀਡੀਓ ਕਾਲ ਰਾਹੀਂ ਜੰਗ ਦੇ ਹਾਲਾਤ ਬਾਰੇ ਦੱਸ ਰਹੇ ਹਨ ਤੇ ਇਸ ਵਿਚਾਲੇ ਉਨ੍ਹਾਂ ’ਤੇ ਵੱਧ ਰਿਹਾ ਸਹਿਮ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਸਥਾਨਕ ਸ਼ਹਿਰ ਦਾ ਜਸ਼ਨਪ੍ਰੀਤ ਸਿੰਘ (22) 2019 ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਜਸ਼ਨਪ੍ਰੀਤ ਨੇ 27 ਫਰਵਰੀ ਨੂੰ ਭਾਰਤ ਆਉਣਾ ਸੀ, ਪਰ ਜੰਗ ਲੱਗਣ ਨਾਲ ਨਹੀਂ ਆ ਸਕਿਆ। ਜਸ਼ਨਪ੍ਰੀਤ ਦੇ ਪਿਤਾ ਡਾ. ਕੁਲਵਿੰਦਰ ਸਿੰਘ ਤੇ ਮਾਤਾ ਰਮਨਦੀਪ ਕੌਰ ਨੇ ਵੀਡੀਓ ਕਾਲ ’ਤੇ ਗੱਲ ਕਰ ਕੇ ਹਾਲਾਤਾਂ ਦਾ ਜ਼ਾਇਜ਼ਾ ਲਿਆ। ਜਸ਼ਨਪ੍ਰੀਤ ਨੇ ਦੱਸਿਆ ਹੈ ਕਿ ਪੱਛਮੀ ਇਲਾਕੇ ਵਿੱਚ ਹਾਲੇ ਹਾਲਾਤ ਸੁਖਦ ਹਨ, ਪਰ ਭਾਰਤ ਵੱਲ ਉਡਾਣਾਂ ਦਾ ਪ੍ਰਬੰਧ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਭਾਜਪਾ ਆਗੂ ਤੇ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਨਾਲ ਵੀ ਰਾਬਤਾ ਕਾਇਮ ਕਰਕੇ ਕੇਂਦਰ ਸਰਕਾਰ ਤੋਂ ਵਿਦਿਆਰਥੀਆਂ ਨੂੰ ਪੰਜਾਬ ਲਿਆਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਪੁਰਤਗਾਲ ਭੇਜਣ ਦੇ ਨਾਮ ਹੇਠ ਕਰੋੜਾਂ ਦੀ ਠੱਗੀ
ਬਠਿੰਡਾ (ਪੱਤਰ ਪ੍ਰੇਰਕ): ਇਥੋਂ ਦੇ ਮਹੇਸ਼ਵਰੀ ਚੌਕ ਵਿੱਚ ਇੱਕ ਇਮੀਗ੍ਰੇਸ਼ਨ ਸੈਂਟਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ ਨੂੰ ਪੁਰਤਗਾਲ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਬਠਿੰਡਾ ਦੇ ਚਿਲਡਰਨ ਪਾਰਕ ’ਚ ਸੰਗਰੂਰ, ਬਰਨਾਲਾ ਤੇ ਬਠਿੰਡਾ ਤੋਂ ਆਏ 25 ਦੇ ਕਰੀਬ ਨੌਜਵਾਨਾਂ ਨੇ ਐੱਸਐੱਸਪੀ ਬਠਿੰਡਾ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।