ਖੇਤਰੀ ਪ੍ਰਤੀਨਿਧ
ਬਰਨਾਲਾ, 6 ਅਕਤੂਬਰ
ਜ਼ਿਲ੍ਹਾ ਬਰਨਾਲਾ ਵਿਚ ਯੂਨੀਕ ਡਿਸਏਬਲਿਟੀ ਆਇਡੈਂਟੀਫਿਕੇਸ਼ਨ ਕਾਰਡ (ਯੂਡੀਆਈਡੀ) ਬਣਾਉਣ ਦਾ 62 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਹੈ। ਇਹ ਕਾਰਡ ਬਣਨ ਤੋਂ ਬਾਅਦ ਦਿਵਿਆਂਗਾਂ ਨੂੰ ਵੱਖ ਵੱਖ ਵਿਭਾਗਾਂ ਵੱਲੋਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮਾਅਰਕੇ ਨਾਲ ਜ਼ਿਲ੍ਹਾ ਬਰਨਾਲਾ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਜ਼ਿਲ੍ਹੇ ਵਿੱਚ ਦਿਵਿਆਂਗਾਂ ਦੇ ਕੁੱਲ 8176 ਯੂਡੀਆਈਡੀ ਕਾਰਡ ਬਣਾਏ ਗਏ ਹਨ ਜੋ ਟੀਚੇ ਦਾ 62 ਫ਼ੀਸਦੀ ਹੈ ਅਤੇ ਇਸ ਨਾਲ ਜ਼ਿਲ੍ਹਾ ਬਰਨਾਲਾ ਬਾਕੀ ਸਾਰੇ ਜ਼ਿਲ੍ਹਿਆਂ ਤੋਂ ਮੋਹਰੀ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਵਿੱਚ 13000 ਤੋਂ ਵੱਧ ਦਿਵਿਆਂਗ ਹਨ ਜਿਨ੍ਹਾਂ ਵਿਚੋਂ ਹੁਣ ਤੱਕ ਕੁੱਲ 8176 ਦੇ ਯੂਡੀਆਈਡੀ ਕਾਰਡ ਬਣ ਚੁੱਕੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਜ਼ਿਲ੍ਹੇ ਦੇ ਦਿਵਿਆਂਗਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵਿਅਕਤੀ ਦਿਵਿਆਂਗ ਪੈਨਸ਼ਨ ਹਾਸਲ ਕਰ ਰਹੇ ਹਨ, ਉਹ ਆਪਣੇ ਯੂਡੀਆਈਡੀ ਕਾਰਡ ਪਹਿਲ ਦੇ ਆਧਾਰ ’ਤੇ ਬਣਵਾਉਣ।