ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 22 ਜੂਨ
ਕੋਟਕਪੂਰਾ-ਫ਼ਰੀਦਕੋਟ ਰੋਡ ’ਤੇ ਪੈਂਦੇ ਪਿੰਡ ਸੰਧਵਾਂ ’ਚ ਲੰਘੀ ਰਾਤ ਥਾਰ ਸਵਾਰ ਦੋ ਨੌਜਵਾਨਾਂ ਨੇ ਇਨੋਵਾ ਕ੍ਰਿਸਟਾ ਸਵਾਰ ਪਤੀ-ਪਤਨੀ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਕੋਟਕਪੂਰਾ ਪੁਲੀਸ ਨੇ ਪੀੜਤ ਅਰਸ਼ਦੀਪ ਸਿੰਘ ਵਾਸੀ ਪਿੰਡ ਕਾਲਾ ਟਿੱਬਾ (ਫਾਜ਼ਿਲਕਾ) ਦੇ ਬਿਆਨ ’ਤੇ ਥਾਰ ਸਵਾਰ ਸੌਰਭ ਬਜਾਜ ਪੁੱਤਰ ਰਾਜ ਕੁਮਾਰ ਵਾਸੀ ਜੌੜੀਆਂ ਚੱਕੀਆਂ ਕੋਟਕਪੂਰਾ ਅਤੇ ਤੇਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੋਗਾ ਰੋਡ ਕੋਟਕਪੂਰਾ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਕੇਸ ਦੀ ਜਾਂਚ ਕਰ ਰਹੇ ਇੰਸਪੈਕਟਰ ਗੁਲਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਵਾਰਦਾਤ ਕਰਨ ਮੌਕੇ ਮਹਿਲਾ ਨੂੰ ਅਸ਼ਲੀਲ ਇਸ਼ਾਰੇ ਵੀ ਕੀਤੇ ਸਨ।
ਜਾਣਕਾਰੀ ਅਨੁਸਾਰ ਪੀੜਤ ਆਪਣੀ ਪਤਨੀ ਸਮੇਤ ਆਪਣੀ ਇਨੋਵਾ ਕ੍ਰਿਸਟਾ ਗੱਡੀ (ਪੀਬੀ10ਐਫਏ 7777) ’ਤੇ ਆਪਣੇ ਪਿੰਡੋਂ ਸਹੁਰੇ ਘਰ ਸੁੱਖਣਵਾਲਾ (ਫ਼ਰੀਦਕੋਟ) ਜਾ ਰਿਹਾ ਸੀ। ਉਸ ਸਮੇਂ ਕਰੀਬ ਦਸ ਵੱਜੇ ਸਨ ਕਿ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਕ ‘ਚੋਂ ਇਨ੍ਹਾਂ ਪਤੀ-ਪਤਨੀ ਦਾ ਦੋ ਨੌਜਵਾਨਾਂ ਨੇ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸ਼ਰਾਬ ਦੇ ਨਸ਼ੇ ’ਚ ਧੁੱਤ ਸਨ ਤੇ ਇਨ੍ਹਾਂ ਨੇ ਆਪਣੇ ਹੱਥ ਵਿੱਚ ਲਾਇਸੈਂਸੀ ਪਿਸਤੌਲ ਲਹਿਰਾਉਂਦਿਆਂ ਸੰਧਵਾਂ ’ਚ ਇਨ੍ਹਾਂ ਨੂੰ ਘੇਰ ਲਿਆ ਤੇ ਗੋਲੀ ਚਲਾ ਦਿੱਤੀ ਜੋ ਪੀੜਤ ਦੇ ਉਪਰੋਂ ਦੀ ਲੰਘ ਗਈ। ਪੀੜਤ ਮੁਤਾਬਕ ਉਸ ਦੀ ਪਤਨੀ ਗਰਭਵਤੀ ਹੈ ਤੇ ਇਸ ਘਟਨਾ ਨਾਲ ਕਾਫੀ ਸਹਿਮ ਗਈ ਹੈ। ਇਨ੍ਹਾਂ ’ਚੋਂ ਇੱਕ ਮੁਲਜ਼ਮ ਸ਼ਹਿਰ ਦੇ ਮਲਟੀਪਲੈਕਸ ਸਿਨੇਮਾ ਘਰ ਦੇ ਮਾਲਕ ਦਾ ‘ਕਾਕਾ’ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪੜਤਾਲ ਕੀਤੀ ਤੇ ਮੁਲਜ਼ਮਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਇਨ੍ਹਾਂ ਦਾ ਸਿਵਲ ਹਸਪਤਾਲ ਕੋਟਕਪੂਰਾ ’ਚੋਂ ਡਾਕਟਰੀ ਮੁਆਇਨਾ ਕਰਵਾਇਆ। ਦੋਵਾਂ ਖਿਲਾਫ ਕੇਸ ਦਰਜ ਕਰਕੇ ਤੇ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਨੇ ਵਾਰਦਾਤ ‘ਚ ਵਰਤੀ ਪਿਸਤੌਲ, ਥਾਰ ਗੱਡੀ ਆਪਣੀ ਕਸਟਡੀ ਵਿੱਚ ਲੈ ਲਈ ਹੈ।
ਬੰਬੀਹਾ ਭਾਈ ਦਾ ਮਾਮਲਾ ਸੁਲਝਿਆ
ਸਮਾਲਸਰ (ਪੱਤਰ ਪ੍ਰੇਰਕ): ਪਿਛਲੇ ਦਿਨੀਂ ਥਾਣਾ ਸਮਾਲਸਰ ਦੇ ਪਿੰਡ ਬੰਬੀਹਾ ਭਾਈ ਵਿਚ ਹੋਈ ਗੋਲਾ ਬਾਰੀ ਵਿਚ ਮੋਗਾ ਪੁਲੀਸ ਨੇ ਮਾਮਲਾ ਹੱਲ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੋਗਾ ਪੁਲੀਸ ਨੇ ਬੰਬੀਹਾ ਭਾਈ ਵਿਚ ਪਿਛਲੇ ਦਿਨੀ ਚੱਲੀਆਂ ਗੋਲੀਆਂ ਦਾ ਮਾਮਲਾ 48 ਘੰਟੇ ਵਿਚ ਹੱਲ ਕਰਨ ਦਾ ਦਾਅਵਾ ਕੀਤਾ ਹੈ। ਦਰਅਸਲ ਉਕਤ ਪਰਿਵਾਰ ਨੇ ਅਸਲੇ ਦਾ ਲਾਇਸੈਂਸ ਬਣਾਉਣ ਲਈ ਗੈਂਗਸਟਰਾਂ ਦਾ ਨਾਮ ਵਰਤਿਆ ਸੀ। ਇਸ ਲਈ ਉਨ੍ਹਾਂ ਖੁਦ ਹੀ ਆਪਣੇ ਘਰ ’ਤੇ ਗੋਲੀਆਂ ਚਲਾਈਆਂ ਸਨ। ਪੁਲੀਸ ਨੇ ਮੁਲਜ਼ਮ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।