ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ) 7 ਜੁਲਾਈ
ਥਾਣਾ ਬਹਾਵਵਾਲਾ ਦੀ ਨੇ ਦੋ ਕਥਿਤ ਤਾਂਤਰਿਕ ਠੱਗਾਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਦੇ ਕਬਜ਼ੇ ਚੋਂ ਸੱਤ ਕਿਲੋ ਨਕਲੀ ਸੋਨਾ ਤੇ ਇੱਕ ਕਾਰ ਬਰਾਮਦ ਕੀਤੀ ਹੈ। ਸ਼ਿਕਾਇਤ ਵਿੱਚ ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦੀ ਗ਼ੈਰ ਹਾਜ਼ਰੀ ਵਿੱਚ ਉਪਰੋਕਤ ਦੋਨੋਂ ਬਾਬੇ ਉਸ ਦੇ ਘਰ ਮਾਤਾ ਸੁਮਿੱਤਰਾ ਕੋਲ ਆਏ ਤੇ ਉਸ ਨੂੰ ਗਿਆਨ ਦੀਆਂ ਗੱਲਾਂ ਕਰਨ ਤੋਂ ਬਾਅਦ ਕਹਿਣ ਲੱਗੇ ਕਿ ਮਾਤਾ ਤੁਹਾਡੇ ਘਰ ’ਚ ਖਜ਼ਾਨਾ ਛੁਪਿਆ ਹੈ ਜੇ ਤੁਸੀਂ ਖ਼ਜ਼ਾਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਜ਼ਮੀਨ ’ਚ ਦੱਬਿਆ ਖਜ਼ਾਨਾ ਕੱਢ ਕੇ ਦੇਵਾਂਗੇ। ਇਸ ਦੇ ਬਦਲੇ ਦੋਨੋਂ ਤਾਂਤਰਿਕਾਂ ਨੇ ਦੋ ਲੱਖ ਸੱਠ ਹਜ਼ਾਰ ਵਿੱਚ ਉਸ ਪਰਿਵਾਰ ਨਾਲ ਦੱਬਿਆ ਖ਼ਜ਼ਾਨਾ ਕੱਢ ਕੇ ਦੇਣ ਦਾ ਸੌਦਾ ਤੈਅ ਕਰ ਲਿਆ। ਇਸ ਤੋਂ ਬਾਅਦ ਦੋਨਾਂ ਤਾਂਤਰਿਕਾਂ ਨੇ ਚਉੱਥੇ ਖੱਡਾ ਪੁੱਟਿਆ ਤੇ ਜ਼ਮੀਨ ਵਿੱਚੋਂ ਧਾਤੁ ਕੱਢੀ ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਇਹ ਸੋਨਾ ਹੈ, ਉਸਦਾ ਵਜ਼ਨ ਸੱਤ ਕਿੱਲੋ ਸੀ। ਇਸੇ ਦੌਰਾਨ ਘਰ ਪੁੱਜੇ ਅਮਿਤ ਨੂੰ ਦੋਨੋਂ ਤਾਂਤਰਿਕਾਂ ਦੀਆਂ ਹਰਕਤਾਂ ’ਤੇ ਸ਼ੱਕ ਹੋਇਆ ਤੇ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਦਵਿੰਦਰ ਸਿੰਘ ਦੀ ਅਗਵਾਈ ’ਚ ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਦੋਨੋਂ ਬਾਬਿਆਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਦੀ ਕਾਰ ਵੀ ਕਬਜ਼ੇ ਵਿੱਚ ਲੈ ਲਈ। ਪੁਲੀਸ ਨੇ ਜਦੋਂ ਬਾਬਿਆਂ ਵੱਲੋਂ ਜ਼ਮੀਨ ਕੱਢੀ ਗਈ ਸੋਨਾ ਰੂਪੀ ਧਾਤੂ ਦਾ ਨਿਰੀਖਣ ਕੀਤਾ ਤਾਂ ਇਹ ਫਰਾਡ ਨਿਕਲਿਆ। ਮੁੱਢਲੀ ਪੁੱਛਗਿੱਛ ਦੌਰਾਨ ਦੋਨਾਂ ਨੇ ਮੰਨਿਆ ਕਿ ਉਹ ਇਸੇ ਤਰ੍ਹਾਂ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਪੁਲੀਸ ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਕੜੇ ਗਏ ਮੁਲਜ਼ਮਾਂ ਦੀ ਪਹਿਚਾਣ ਭਗਵਾਨ ਸਿੰਘ ਪੁੱਵਾਸੀ ਪਿੰਡ ਕੈਮਾਂ ਕਿਹੜਾ ਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਛਾਂਗਾ ਰਾਏ ਉਤਾੜ ਤਹਿਸੀਲ ਜਲਾਲਾਬਾਦ ਵਜੋਂ ਕੀਤੀ ਹੈ।