ਜਸਵੰਤ ਜੱਸ
ਫ਼ਰੀਦਕੋਟ, 27 ਮਈ
ਫ਼ਰੀਦਕੋਟ-ਕੋਟਕਪੂਰਾ ਸੜਕ ’ਤੇ ਹਰਿੰਦਰਾ ਨਗਰ ਵਿੱਚ ਦੋ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਦੀਆਂ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਤਾਰਾ ਫਲੈਕਸ ਨਾਮ ਦੀ ਦੁਕਾਨ ਦੀ ਛੱਤ ਉੱਪਰ ਜੈਨਰੇਟਰ ਅਤੇ ਫਲੈਕਸ ਮਸ਼ੀਨ ਪਈ ਸੀ। ਸ਼ਾਰਟ ਸਰਕਟ ਕਾਰਨ ਫਲੈਕਸ ਦੀ ਮਸ਼ੀਨ ਨੂੰ ਅੱਗ ਲੱਗ ਪਈ ਜਿਸ ਨੇ ਨਾਲ ਦੀ ਦੁਕਾਨ ਗਲੈਮਰ ਸਟੂਡੀਓ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਗਲੈਮਰ ਸਟੂਡੀਓ ਦੇ ਤਿੰਨ ਏ.ਸੀ. ਅਤੇ ਫਰਨੀਚਰ ਦਾ ਸਾਰਾ ਸਾਮਾਨ ਸੜ ਗਿਆ ਜਦੋਂ ਕਿ ਤਾਰਾ ਫਲੈਕਸ ਦੀਆਂ ਮਸ਼ੀਨਾਂ, ਏਸੀ ਅਤੇ ਦੁਕਾਨ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।
ਅੱਧਾ ਘੰਟਾ ਦੇਰੀ ਨਾਲ ਪਹੁੰਚੇ ਅੱਗ ਬੁਝਾਊ ਦਸਤੇ ਨੇ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਤਾਰਾ ਫਲੈਕਸ ਦੇ ਮਾਲਕ ਬਬਲੀ ਮੌਂਗਾ ਅਤੇ ਗਲੈਮਰ ਸਟੂਡੀਓ ਦੇ ਮਾਲਕ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਾਂ ਵਿੱਚ ਪਈਆਂ ਮਸ਼ੀਨਾਂ, ਏ.ਸੀ ਤੇ ਹੋਰ ਕੀਮਤੀ ਸਾਮਾਨ ਦਾ ਨੁਕਸਾਨ ਹੋਇਆ ਹੈ ਜਿਸ ਦੀ ਕੀਮਤ 15 ਲੱਖ ਰੁਪਏ ਦੇ ਕਰੀਬ ਬਣਦੀ ਹੈ।