ਨਿੱਜੀ ਪੱਤਰ ਪ੍ਰੇਰਕ
ਬਰਨਾਲਾ 25 ਅਕਤੂਬਰ
ਤਿੰਨ ਬੱਚਿਆਂ ਦੇ ਬਾਪ ਨੇ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਹਰੀਗੜ ਵਾਲੀ ਨਹਿਰ ’ਚ ਛਾਲ ਮਾਰਕੇ ਮੌਤ ਨੂੰ ਗਲ ਲਾ ਲਿਆ। ਪਿੰਡ ਧਨੌਲਾ ਦਾ ਰਹਿਣ ਵਾਲੇ ਟਰੱਕ ਡਰਾਈਵਰ ਗੁਲਾਬ ਸਿੰਘ ਪਿਛਲੇ ਕੁੱਝ ਸਮੇਂ ਤੋਂ ਘਰੇਲੂ ਕਾਰਨਾਂ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਲਾਬ ਸਿੰਘ ਦੇੇ ਹਰੀਗੜ ਵਾਲੀ ਨਹਿਰ ’ਚ ਛਾਲ ਮਾਰਨ ਦਾ ਪਤਾ ਲੱਗਦਿਆਂ ਹੀ ਲੋਕਾਂ ਨੇ ਉਸ ਨੂੰ ਕੱਢਣ ਦਾ ਯਤਨ ਕੀਤਾ। ਲੋਕਾਂ ਨੇ ਕਾਫੀ ਜੱਦੋ ਜਹਿਦ ਨਾਲ ਉਸ ਦੀ ਮਿ੍ਤਕ ਦੇਹ ਨੂੰ ਬਾਹਰ ਕੱਢ ਲਿਆ। ਥਾਣਾ ਧਨੌਲਾ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਿ੍ਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਦੇ ਮੁਰਦਾ ਘਰ ’ਚ ਭੇਜ ਦਿੱਤਾ ਗਿਆ ਹੈ। ਮਿ੍ਰਤਕ ਆਪਣੇ ਪਿੱਛੇ ਵਿਧਵਾ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਛੱਡ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ (ਪੱਤਰ ਪ੍ਰੇਰਕ): ਮੰਡੀ ਬਰੀਵਾਲਾ ਵਿਖੇ ਇਕ ਅਮੀਰ ਪਰਿਵਾਰ ਦੇ ਨੌਜਵਾਨ ਸੰਨੀ ਜਿੰਦਲ ਨੇ ਰਾਜਸਥਾਨ ਕੈਨਾਲ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ| ਉਸ ਦੀ ਕਾਰ ਤਿੰਨ ਦਿਨ ਪਹਿਲਾਂ ਨਹਿਰ ਦੀ ਪਟੜੀ ਤੋਂ ਮਿਲੀ ਸੀ| ਪਰਿਵਾਰ ਤੇ ਪੁਲੀਸ ਵੱਲੋਂ ਉਦੋਂ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ| ਉਸ ਦੀ ਲਾਸ਼ ਪਿੰਡ ਭੁੱਲਰ ਲਾਗਿਓਂ ਨਹਿਰ ਵਿੱਚੋਂ ਮਿਲੀ ਹੈ| ਮ੍ਰਿਤਕ ਆਪਣੇ ਪਿੱਛੇ ਇਕ ਪੁੱਤਰ ਅਰਿਸ਼ ਜਿੰਦਲ ਛੱਡ ਗਿਆ ਹੈ|
ਇਸ ਸਬੰਧ ਵਿੱਚ ਥਾਣਾ ਬਰੀਵਾਲਾ ਦੇ ਐੱਸਐੱਚਓ ਜਸਵੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਿ੍ਤਕ ਸੰਨੀ ਜਿੰਦਲ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਸੰਨੀ ਜਿੰਦਲ ਦੇ ਮਾਮਾ ਬੀਰਬਲ ਅਤੇ ਉਸ ਦੇ ਦੋ ਪੁੱਤਰਾਂ ਵਿਕਾਸਦੀਪ ਅਤੇ ਵਿਵੇਕਸ਼ੀਲ ਦੇ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕਦਮਾ ਦਰਜ ਕੀਤਾ ਗਿਆ ਹੈ| ਇਨ੍ਹਾਂ ਦਾ ਆਪਸ ਵਿੱਚ ਸ਼ੈਲਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ| ਪੁਲੀਸ ਨੇ ਕੇਸ ਦਰਜ ਕਰਕੇ, ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |