ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 16 ਜੂਨ
ਮਾਰਕਫ਼ੈੱਡ ਵਿਭਾਗ ਨੇ ਆਪਣੇ ਦੋ ਅਧਿਕਾਰੀਆਂ ਨੂੰ ਤਿੰਨ ਕਰੋੜ ਦੀ ਕਣਕ ਕਥਿਤ ਤੌਰ ’ਤੇ ਖੁਰਦ ਬੁਰਦ ਹੋਣ ਦੇ ਦੋਸ਼ ਹੇਠ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਬਰਾਖ਼ਸਤਗੀ ਦੇ ਇਹ ਹੁਕਮ ਮਾਰਕਫ਼ੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਮਵੀਰ ਵੱਲੋਂ ਜਾਰੀ ਕੀਤੇ ਗਏ ਹਨ। ਦੋਵਾਂ ਅਧਿਕਾਰੀਆਂ ਵਿੱਚ ਫ਼ੀਲਡ ਅਫ਼ਸਰ ਲਵਪ੍ਰੀਤ ਸਿੰਘ ਅਤੇ ਫ਼ੀਲਡ ਅਫ਼ਸਰ ਸੁਰਿੰਦਰ ਕੁਮਾਰ ਸ਼ਾਮਲ ਹਨ। ਐੱਮਡੀ ਰਾਮਵੀਰ ਵੱਲੋਂ ਦੋਵਾਂ ਅਧਿਕਾਰੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਵੀ ਫ਼ਿਰੋਜ਼ਪੁਰ ਦੇ ਐੱਸਐੱਸਪੀ ਨੂੰ ਪੱਤਰ ਲਿਖਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਾਮਲਾ ਇਥੋਂ ਦੇ ਕਸਬਾ ਗੁਰੂਹਰਸਹਾਏ ਦੇ ਨਾਲ ਜੁੜਿਆ ਹੋਇਆ ਹੈ। ਇਥੇ ਮਹਿਕਮੇ ਵੱਲੋਂ ਸਾਲ 2021-22 ਦੌਰਾਨ ਸਟੋਰ ਕੀਤੀ ਗਈ ਕਣਕ ਵਿੱਚੋਂ 19,659 ਗੱਟੇ ਅਤੇ ਸਾਲ 2022-23 ਦੌਰਾਨ ਸਟੋਰ ਕੀਤੀ ਕਣਕ ਵਿੱਚੋਂ 4273 ਗੱਟੇ ਚੈਕਿੰਗ ਦੌਰਾਨ ਘੱਟ ਪਾਏ ਗਏ ਸਨ। ਖੁਰਦ-ਬੁਰਦ ਹੋਈ ਇਸ ਕਣਕ ਦੀ ਕੀਮਤ ਤਿੰਨ ਕਰੋੜ ਇੱਕ ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਮਹਿਕਮੇ ਦੇ ਮੁਖੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਐੱਮਡੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮਹਿਕਮੇ ਕੋਲ ਇਨ੍ਹਾਂ ਅਧਿਕਾਰੀਆਂ ਦੀ ਜਮ੍ਹਾਂ ਰਾਸ਼ੀ ਵਿੱਚੋਂ ਵੱਧ ਤੋਂ ਵੱਧ ਰਕਮ ਕੱਟ ਕੇ ਇਸ ਨੁਕਸਾਨ ਦੀ ਰਿਕਵਰੀ ਕੀਤੀ ਜਾਵੇਗੀ। ਐੱਮਡੀ ਨੇ ਕਿਹਾ ਕਿ ਵਿਭਾਗ ਵਿੱਚ ਇਸ ਤਰ੍ਹਾਂ ਦੀ ਕੋਤਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਹਿਕਮੇ ਵੱਲੋਂ ਆਪਣੇ ਪੱਧਰ ’ਤੇ ਵੀ ਇਸ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ॥