ਮਹਿੰਦਰ ਸਿੰਘ ਰੱਤੀਆਂ
ਮੋਗਾ,16 ਜੁਲਾਈ
ਇੱਥੇ ਥਾਣਾ ਸਦਰ ਅਧੀਨ ਸ਼ਹਿਰ ਦੀ ਹੱਦ ਉੱਤੇ ਪੈਂਦੇ ਪਿੰਡ ਧੱਲੇਕੇ ਵਿੱਚ ਆਵਾਰਾ ਢੱਠੇ ਨੇ ਬਜ਼ੁਰਗ ਕੁਲਵੰਤ ਸਿੰਘ ਉਰਫ ਕਾਲਾ ਬਾਬਾ (70) ਦੀ ਜਾਨ ਲੈ ਲਈ। ਮ੍ਰਿਤਕ ਪਿੰਡ ਧੱਲੇਕੇ ਵਿੱਚ ਗਊਸ਼ਾਲਾ ਵਿੱਚ ਸੇਵਾਦਾਰ ਸੀ।
ਪੁਲੀਸ ਮੁਤਾਬਕ ਬਜ਼ੁਰਗ ਕੁਲਵੰਤ ਸਿੰਘ ਉਰਫ ਕਾਲਾ ਬਾਬਾ ਵੱਖ-ਵੱਖ ਗਊਸ਼ਲਾਵਾਂ ਪਿੰਡ ਕਪੂਰੇ, ਪਿੰਡ ਧੱਲੇਕੇ ਅਤੇ ਹੋਰ ਵੀ ਥਾਵਾਂ ਉੱਤੇ ਗਊ ਸੇਵਾ ਕਰਦਾ ਸੀ। ਉਹ ਕੁਝ ਦਿਨਾਂ ਤੋਂ ਪਿੰਡ ਧੱਲੇਕੇ ਵਿੱਚ ਪੰਜਪੀਰ ਗਊਸ਼ਾਲਾ ਵਿੱਚ ਸੇਵਾ ਕਰਨ ਆਇਆ ਸੀ। ਅੱਜ ਸਵੇਰੇ ਅਵਾਰਾ ਪਸ਼ੂ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ ਅਤੇ ਗੰਭੀਰ ਜਖ਼ਮੀ ਕਰ ਦਿੱਤਾ ਅਤੇ ਉਹ ਜ਼ਖ਼ਮਾਂ ਦੀ ਤਾਬ ਨਾਂ ਝਲਦਾ ਦਮ ਤੋੜ ਗਿਆ। ਉਸ ਦੀ ਖੂਨ ਨਾਲ ਲੱਥ ਪੱਥ ਲਾਸ਼ ਦੇਖੀ ਤਾਂ ਜਾਣਕਾਰੀ ਗਊਸ਼ਾਲਾ ਪ੍ਰਬੰਧਕਾਂ ਅਤੇ ਸਦਰ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਮ੍ਰਿਤਕ ਦੇ ਭਤੀਜੇ ਲਖਵੀਰ ਸਿੰਘ ਪਿੰਡ ਚੋਗਾਵਾਂ ਦੇ ਬਿਆਨ ‘ਤੇ 174 ਸੀਆਰਪੀਸੀ ਤਹਿਤ ਸਥਾਨਕ ਸਿਵਲ ਹਾਸਪਤਾਲ ’ਚੋਂ ਪੋਸਟ ਮਾਰਟਮ ਦੀ ਕਾਰਵਾਈ ਕੀਤੀ ਹੈ।
ਤਲਵੰਡੀ ਸਾਬੋ (ਜਗਜੀਤ ਸਿੱਧੂ): ਸਥਾਨਕ ਸ਼ਹਿਰ ਦੇ ਸਬਜ਼ੀ ਕਮਿਸ਼ਨ ਏਜੰਟ ਦੇ ਮੋਟਰਸਾਈਕਲ ਦੇ ਅੱਗੇ ਆਵਾਰਾ ਕੁੱਤਾ ਆਉਣ ਨਾਲ ਹੋਏ ਹਾਦਸੇ ਵਿੱਚ ਸਬਜ਼ੀ ਕਮਿਸ਼ਨ ਏਜੰਟ ਦੀ ਮੌਤ ਹੋ ਗਈ। ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਾਮ ਸਰੂਪ ਵਾਸੀ ਤਲਵੰਡੀ ਸਾਬੋ ਸਥਾਨਕ ਸਬਜ਼ੀ ਮੰਡੀ ਵਿੱਚ ਸਬਜ਼ੀ ਕਮਿਸ਼ਨ ਏਜੰਟ ਦਾ ਕੰਮ ਕਰਦਾ ਸੀ। ਜਦ ਉਹ ਆਪਣੇ ਮੋਟਰਸਾਈਕਲ ‘ਤੇ ਸਬਜ਼ੀ ਮੰਡੀ ਵਿੱਚ ਜਾ ਰਿਹਾ ਸੀ ਤਾਂ ਰੋੜੀ ਰੋਡ ‘ਤੇ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਆਵਾਰਾ ਕੁੱਤਾ ਆ ਗਿਆ। ਮੋਟਰਸਾਈਕਲ ਨਾਲ ਕੁੱਤਾ ਟਕਰਾਉਣ ਕਰਕੇ ਉਹ ਸੜਕ ‘ਤੇ ਡਿੱਗ ਕੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਰਾਮ ਸਰੂਪ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਧਾਰਾ 174 ਦੀ ਕਰਵਾਈ ਕਰਕੇ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਹਾਦਸੇ ’ਚ ਸਿਹਤ ਮੁਲਾਜ਼ਮ ਦੀ ਮੌਤ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਚੌਕ ਜੱਸੀ ਪੌ ਵਾਲੀ ਵਿੱਚ ਵਾਪਰੀ ਸੜਕ ਦੁਰਘਟਨਾ ਦੌਰਾਨ ਸਿਹਤ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਜ਼ੱਫਰਪੁਰ (ਬਿਹਾਰ) ਦੇ ਮੂਲ ਨਿਵਾਸੀ ਅਨਿਲ ਕੁਮਾਰ ਪੰਡਤ (35) ਵਜੋਂ ਹੋਈ ਹੈ। ਉਹ ਸਿਵਲ ਹਸਪਤਾਲ ਬਠਿੰਡਾ ਦੇ ਐਸਐਮਓ ਦਫ਼ਤਰ ਵਿੱਚ ਕਲਰਕ ਸੀ। ਵੇਰਵੇ ਅਨੁਸਾਰ ਉਹ ਮੋਟਰਸਾਈਕਲ ’ਤੇ ਆਪਣੇ ਘਰ ਤੋਂ ਸਿਵਲ ਹਸਪਤਾਲ ਵੱਲ ਜਾ ਰਿਹਾ ਸੀ। ਚੌਕ ਵਿੱਚ ਉਸ ਦੀ ਟਰੈਕਟਰ ਦੀ ਲਪੇਟ ਵਿੱਚ ਆ ਕੇ ਮੌਕੇ ’ਤੇ ਹੀ ਮੌਤ ਹੋ ਗਈ।