ਫ਼ਰੀਦਕੋਟ (ਜਸਵੰਤ ਜੱਸ): ਇਥੇ ਸ਼ਹਿਰ ਵਿੱਚ ਅੱਜ ਸਵੇਰੇ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਹਰ ਪਾਸੇ ਜਲਥਲ ਹੋ ਗਿਆ। ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਵਿੱਚ ਵੜ ਗਿਆ। ਮੀਂਹ ਕਾਰਨ ਡੀਆਈਜੀ ਸਰਕਾਰੀ ਰਿਹਾਇਸ਼ ਦੀ ਚਾਰ ਦਿਵਾਰੀ ਵਾਲੀ ਇੱਕ ਕੰਧ ਡਿੱਗ ਗਈ। ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਸੀਵਰੇਜ ਪਾਉਣ ਲਈ ਪੁੱਟਿਆ ਹੋਇਆ ਹੈ। ਬਾਰਿਸ਼ ਕਾਰਨ ਦੀਪ ਟਰਾਂਸਪੋਰਟ ਕੰਪਨੀ ਦੀ ਇੱਕ ਬੱਸ ਕੱਚੇ ਥਾਂ ਵਿੱਚ ਧਸ ਗਈ, ਜਿਸ ਨੂੰ ਬਾਅਦ ਵਿੱਚ ਕਰੇਨ ਦੀ ਮੱਦਦ ਨਾਲ ਕੱਢਿਆ ਗਿਆ। ਮੀਂਹ ਤੋਂ ਛੇ ਘੰਟੇ ਬਾਅਦ ਤੱਕ ਵੀ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਪਾਣੀ ਨਾਲ ਜਲਥਲ ਹੋਈਆਂ ਰਹੀਆਂ ਜਿਸ ਕਰਕੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਤ ਹੋਈ। ਤੇਜ਼ ਬਾਰਿਸ਼ ਕਾਰਨ ਜੋਤ ਰਾਮ ਕਲੋਨੀ ਵਿੱਚ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਨਾਲ ਇਕ ਔਰਤ ਅਤੇ ਉਸ ਦਾ 7 ਸਾਲਾ ਬੱਚਾ ਜ਼ਖ਼ਮੀ ਹੋ ਗਏ ਹਨ। ਔਰਤ ਕੋਮਲ ਅਤੇ ਬੱਚੇ ਅਰਸ਼ਦੀਪ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਭਾਰੀ ਬਾਰਿਸ਼ ਤੋਂ ਬਾਅਦ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰ ਵਿੱਚ ਚੌਕਸੀ ਰੱਖਣ।