ਪੱਤਰ ਪ੍ਰੇਰਕ
ਭੁੱਚੋ ਮੰਡੀ, 1 ਨਵੰਬਰ
ਬਠਿੰਡਾ ਜ਼ੀਰਕਪੁਰ ਕੌਮੀ ਮਾਰਗ ’ਤੇ ਪਿੰਡ ਭੁੱਚੋ ਖੁਰਦ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਹਾਰਾ ਵੈਲਫੇਅਰ ਸੁਸਾਇਟੀ ਭੁੱਚੋ ਖੁਰਦ ਦੇ ਵਰਕਰਾਂ ਨੇ ਕਾਰਾਂ ਵਿੱਚੋਂ ਕੱਢ ਕੇ ਨੇੜਲੇ ਆਦੇਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀਆਂ ਪਛਾਣ ਸੁਖਜਿੰਦਰ ਸਿੰਘ ਵਾਸੀ ਸੇਮਾ ਅਤੇ ਵਿਸ਼ਾਲ ਕੁਮਾਰ ਵਾਸੀ ਰਾਮਪੁਰਾ ਵਜੋਂ ਹੋਈ ਹੈ। ਵਿਸ਼ਾਲ ਕੁਮਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਬਠਿੰਡਾ ਛਾਉਣੀ ਦੇ ਤਫਤੀਸ਼ੀ ਅਫਸਰ ਗੋਬਿੰਦ ਰਾਏ ਨੇ ਦੱਸਿਆ ਕਿ ਵਰਨਾ ਕਾਰ ਨੰਬਰ ਐਚਆਰ 51 ਏਟੀ 6364 ਜਿਸ ਨੂੰ ਵਿਸ਼ਾਲ ਕੁਮਾਰ ਚਲਾ ਕਿਹਾ ਸੀ, ਅੱਗੇ ਜਾ ਰਹੀ ਸਵਿਫ਼ਟ ਨੰਬਰ ਪੀਬੀ 03 ਬੀਐੱਚ 9340 ਵਿੱਚ ਵੱਜੀ ਅਤੇ ਬੇਕਾਬੂ ਹੋ ਕੇ ਡਿਵਾਈਡਰ ਉੱਤੋਂ ਲੰਘ ਗਈ ਅਤੇ ਅੱਗਿਓਂ ਆ ਰਹੀ ਸਵਿਫਟ ਡਿਜ਼ਾਇਰ ਨੰਬਰ ਪੀਬੀ 13 ਏਜੈੱਡ 5500 ਨਾਲ ਬੁਰੀ ਤਰ੍ਹਾਂ ਟਕਰਾ ਗਈ। ਵਰਨਾ ਗੱਡੀ ਦਾ ਇੰਜਣ ਨਿਕਲ ਕੇ ਸੜਕ ’ਤੇ ਡਿੱਗ ਪਿਆ। ਸਹਾਰਾ ਵਰਕਰਾਂ ਸੁਖਪਾਲ ਸਿੰਘ ਅਤੇ ਰਾਜਾ ਸਿੰਘ ਨੇ ਕਾਰਾਂ ਵਿੱਚ ਫਸੇ ਦੋਵੇਂ ਜ਼ਖ਼ਮੀਆਂ ਨੂੰ ਕੱਢ ਕੇ ਆਦੇਸ਼ ਹਸਪਤਾਲ ਪਹੁੰਚਾਇਆ।
ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਮਹਿਲ ਕਲਾਂ (ਪੱਤਰ ਪ੍ਰੇਰਕ): ਬੀਤੀ ਰਾਤ ਪਿੰਡ ਹਮੀਦੀ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਨਵਦੀਪ ਸਿੰਘ (19) ਪੁੱਤਰ ਜੁਗਰਾਜ ਸਿੰਘ ਵਾਸੀ ਮਹਿਲ ਕਲਾਂ ਮੋਟਰਸਾਈਕਲ ’ਤੇ ਆਪਣੇ ਨਾਨਕੇ ਪਿੰਡ ਨੰਗਲ ਜਾ ਰਿਹਾ ਸੀ ਕਿ ਰਸਤੇ ਵਿੱਚ ਪਿੰਡ ਹਮੀਦੀ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਇਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਪੁਲੀਸ ਥਾਣਾ ਠੁੱਲੀਵਾਲ ਦੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਤਾਇਆ ਚਮਕੌਰ ਸਿੰਘ ਵਾਸੀ ਮਹਿਲ ਕਲਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।