ਪੱਤਰ ਪ੍ਰੇਰਕ
ਬੁਢਲਾਡਾ, 9 ਜੁਲਾਈ
ਇੱਥੇ ਅੱਜ ਬੁਢਲਾਡਾ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਨਿਰੰਜਣ ਸਿੰਘ ਨੂੰ ਖੇਤੀ ਬਿਜਲੀ ਮੋਟਰਾਂ ਨੂੰ ਸਮੇਂ ਸਿਰ ਬਿਜਲੀ ਸਪਲਾਈ ਨਾ ਹੋਣ ਕਾਰਨ ਅਤੇ ਉਤੋਂ ਅੱਤਿ ਦੀ ਗਰਮੀ ਕਰਕੇ ਅੱਜ ਆਪਣੀ ਸੁੱਕਦੀ ਜਾ ਰਹੀ ਢਾਈ ਏਕੜ ਝੋਨੇ ਦੀ ਫ਼ਸਲ ਨੂੰ ਵਾਹੁਣਾ ਪਿਆ ਹੈ। ਜਿਸ ਦੇ ਵਾਹੁਣ ਨਾਲ ਉਸਨੂੰ ਹਜ਼ਾਰਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ ਹੈ। ਕਿਸਾਨ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਉਸਨੇ ਬਹੁਤ ਔਖੇ ਹੋ ਕੇ ਢਾਈ ਏਕੜ ਵਿੱਚ ਝੋਨੇ ਦੀ ਫ਼ਸਲ ਲਵਾਈ ਸੀ। ਜਿਸਦੀ ਦੂਹਰੀ ਤੀਹਰੀ ਵਹਾਈ ਕਰਕੇ ਝੋਨਾ ਲਗਾਇਆ ਪਰੰਤੂ ਪਾਣੀ ਦੀ ਵੱਡੀ ਘਾਟ ਅਤੇ ਲੋਹੜੇ ਦੀ ਗਰਮੀ ਕਾਰਨ ਉਸਦੀ ਫ਼ਸਲ ਸੁੱਕ ਗਈ ਸੀ। ਇਸੇ ਤਰ੍ਹਾਂ ਬੁਢਲਾਡਾ ਦੀ ਸੀਹਾਂ ਪੱਤੀ ਵਿਚਲੇ ਕਿਸਾਨ ਗਿਆਨ ਸਿੰਘ ਗਿੱਲ ਨੇ ਵੀ ਆਪਣੀ ਦੋ ਏਕੜ ਝੋਨੇ ਦੀ ਫ਼ਸਲ ਵਾਹ ਦਿੱਤੀ ਹੈ। ਕਿਸਾਨ ਗਿੱਲ ਦਾ ਵੀ ਇਹੋ ਕਹਿਣਾ ਸੀ ਕਿ ਜਿੱਥੇ ਉਸਦੇ ਨਾਲ ਲੱਗਦੇ ਕਿਸਾਨਾਂ ਨੂੰ ਹੱਡਾ ਰੋੜੀ ਦੀ ਬਦਬੂ ਝੱਲਣੀ ਪੈ ਰਹੀ ਹੈ ਉਥੇ ਅੱਤਿ ਦੀ ਗਰਮੀ ਅਤੇ ਕੜਾਕੇ ਦੀ ਧੁੱਪ ਕਾਰਨ ਉਸਦੀ ਦੋ ਏਕੜ ਲਾਈ ਗਈ ਝੋਨੇ ਦੀ ਫ਼ਸਲ ਸੁੱਕ ਕੇ ਤਬਾਹ ਹੋ ਚੁੱਕੀ ਹੈ ਅਤੇ ਉਸਦੇ ਸਿਰ ਹਜ਼ਾਰਾਂ ਰੁਪਏ ਦਾ ਖਰਚਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਅਤਿ ਦੀ ਗਰਮੀ ਅਤੇ ਪਾਣੀ ਦੀ ਘਾਟ ਕਾਰਨ ਬਹੁਤੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਦੂਹਰੀ ਮਾਰ ਝੱਲਣੀ ਪੈ ਰਹੀ ਹੈ।