ਲਖਵੀਰ ਸਿੰਘ ਚੀਮਾ
ਟੱਲੇਵਾਲ, 28 ਮਈ
ਪਿੰਡ ਪੱਖੋਕੇ ਦੇ ਗਰਿੱਡ ’ਤੇ ਦੋ ਬਿਜਲੀ ਮੁਲਾਜ਼ਮਾਂ ਦਾ ਆਪਸੀ ਝਗੜਾ ਹੋ ਗਿਆ। ਜਿਸ ਨੂੰ ਲੈ ਕੇ ਦੋਵਾਂ ਵਲੋਂ ਇੱਕ ਦੂਜੇ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਦੋਵੇਂ ਮੁਲਾਜ਼ਮ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹਨ। ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਗਰਿੱਡ ਦੇ ਐੱਸਐੱਸਏ ਬਲਵੰਤ ਸਿੰਘ ਨੇ ਦੋਸ਼ ਲਗਾਇਆ ਕਿ ਉਹ ਜਦੋਂ ਬੀਤੇ ਦਿਨੀਂ ਪੱਖੋਕੇ ਦੇ 66 ਕੇਵੀ ਬਿਜਲੀ ਘਰ ਤੋਂ ਡਿਊਟੀ ਕਰਕੇ ਵਾਪਸ ਜਾ ਰਿਹਾ ਸੀ ਤਾਂ ਗਰਿੱਡ ਦੇ ਗੇਟ ’ਤੇ ਲੁਕ ਕੇ ਬੈਠੇ ਮੁਲਾਜ਼ਮ ਜਗਸੀਰ ਸਿੰਘ ਵਲੋਂ ਉਸ ’ਤੇ ਮਾਰੂ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸਦੀ ਖੱਬੀ ਬਾਂਹ ਟੁੱਟ ਗਈ ਹੈ। ਉਨ੍ਹਾਂ ਦੱਸਿਆ ਕਿ ਰੰਜਿਸ਼ ਇਹ ਹੈ ਕਿ ਉਹ ਜਗਸੀਰ ਸਿੰਘ ਨੂੰ ਡਿਊਟੀ ਦੌਰਾਨ ਕੰਮ ਕਰਨ ਲਈ ਕਹਿੰਦਾ ਰਹਿੰਦਾ ਹੈ, ਜਿਸ ਤੋਂ ਉਹ ਦੁਖ਼ੀ ਸੀ।ਉਧਰ ਦੂਜੇ ਪਾਸੇ ਮੁਲਾਜ਼ਮ ਜਗਸੀਰ ਸਿੰਘ ਨੇ ਦੱਸਿਆ ਕਿ ਐੱਸਐੱਸਏ ਬਲਵੰਤ ਸਿੰਘ ਵਲੋਂ ਉਸ ਨਾਲ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਰਹੀ ਹੈ ਅਤੇ ਨੌਕਰੀ ਤੋਂ ਕਢਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ। ਬੀਤੇ ਕੱਲ ਵੀ ਉਸ ਨੂੰ ਡਿਊਟੀ ’ਤੇ ਆਉਣ ਸਮੇਂ ਗਰਿੱਡ ਤੋਂ ਬਾਹਰ ਕੱਢ ਦਿੱਤਾ ਗਿਆ। ਸ਼ਾਮ ਸਮੇਂ ਜਦੋਂ ਉਹ ਆਪਣਾ ਡਿਊਟੀ ਟਾਈਮ ਪਤਾ ਕਰਨ ਗਰਿੱਡ ਗਿਆ ਤਾਂ ਬਲਵੰਤ ਸਿੰਘ ਨੇ ਉਸ ਦੇ ਪੈਰ ’ਤੇ ਸਕੂਟਰ ਚੜਾ ਦਿੱਤਾ ਅਤੇ ਸ੍ਰੀ ਸਾਹਿਬ ਬਾਂਹ ’ਤੇ ਮਾਰ ਦਿੱਤੀ। ਜਿਸ ਤੋਂ ਬਾਅਦ ਗੁੱਸੇ ਵਿੱਚ ਉਸ ਤੋਂ ਬਲਵੰਤ ਸਿੰਘ ਦੇ ਸੋਟੀ ਵੱਜ ਗਈ। ਪੱਖੋ-ਕੈਂਚੀਆਂ ਪੁਲੀਸ ਚੌਕੀ ਦੇ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਪੱਖੋਕੇ ਗਰਿੱਡ ’ਤੇ ਦੋ ਮੁਲਾਜ਼ਮਾਂ ਆਪਸ ਵਿੱਚ ਝਗੜੇ ਹਨ, ਜੋ ਤਪਾ ਅਤੇ ਬਰਨਾਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹਨ। ਪੁਲੀਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡਾਕਟਰੀ ਰਿਪੋਰਟਾਂ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।