ਪੱਤਰ ਪ੍ਰੇਰਕ
ਮਾਨਸਾ, 25 ਮਈ
ਪੰਜਾਬ ਅਤੇ ਹਰਿਆਣਾ ਵਿੱਚ ਤਿੰਨ ਦਿਨ ਮੌਸਮ ਠੰਢਾ ਰਹਿਣ ਤੋਂ ਬਾਅਦ ਅੱਜ ਫਿਰ ਸੂਰਜ ਦੇਵਤਾ ਨੇ ਆਪਣਾ ਥੋੜ੍ਹਾ ਰੰਗ ਵਿਖਾਉਣਾ ਸ਼ੁਰੂ ਕੀਤਾ। ਦੁਪਹਿਰ ਵੇਲੇ ਤੇਜ਼ ਧੁੱਪ ਨਾਲ ਪਾਰਾ ਵਧਿਆ, ਜਦੋਂ ਕਿ ਇਸ ਤੋਂ ਪਹਿਲਾਂ ਸਵੇਰ ਸਮੇਂ ਮੌਸਮ ਵਿੱਚ ਠੰਢ ਹੋਣ ਕਾਰਨ ਲੋਕਾਂ ਦੀ ਬਾਜ਼ਾਰਾਂ ’ਚ ਚਹਿਲ-ਪਹਿਲ ਪਹਿਲਾਂ ਨਾਲੋਂ ਵੱਧ ਵੇਖਣ ਨੂੰ ਮਿਲੀ। ਅੱਜ ਰਾਜ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਜਾਣਕਾਰੀ ਮਿਲੀ ਹੈ।
ਉਧਰ ਪੰਜਾਬ ਅਤੇ ਹਰਿਆਣਾ ਵਿੱਚ ਲਗਾਤਾਰ 48 ਘੰਟੇ ਰੁੱਕ-ਰੁਕ ਕੇ ਮੀਂਹ ਪੈਣ ਤੋਂ ਬਾਅਦ ਮਾਲਵਾ ਖੇਤਰ ਦੀ ਖੁਸ਼ਕੀ ਚੱਕੀ ਗਈ। ਖੇਤਾਂ ਨੂੰ ਰੰਗ-ਭਾਗ ਲਾਉਣ ਮਗਰੋਂ ਹੁਣ ਮੌਸਮ ਦੇ ਅਗਲੇ ਦਿਨਾਂ ਲਈ ਖੁਸ਼ਕ ਰਹਿਣ ਦੀਆਂ ਸੰਭਾਵਨਾਵਾਂ ਸਬੰਧੀ ਸੂਚਨਾਵਾਂ ਹਾਸਲ ਹੋਈਆਂ ਹਨ। ਗ੍ਰਾਮੀਣ ਕਿ੍ਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਹੁਣ ਭਲਕੇ 26 ਤੋਂ 28 ਮਈ ਤੱਕ ਮਾਨਸਾ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਭਾਵੇਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੰਗੀ ਵਰਖਾ ਹੋਈ ਹੈ ਅਤੇ ਹੁਣ ਅਗਲੇ 100 ਘੰਟਿਆਂ ਦੌਰਾਨ ਕਿਸੇ ਕਿਸਮ ਦੀ ਹਨੇਰੀ ਅਤੇ ਮੀਂਹ-ਝੱਖੜ ਦੀ ਕੋਈ ਸੂਚਨਾ ਨਹੀਂ ਹੈ, ਜਦੋਂ ਕਿ ਮਾਲਵਾ ਖੇਤਰ ਵਿੱਚ ਅਗਲੇ 100 ਘੰਟੇ ਮੌਸਮ ਵਿੱਚ ਠੰਢ ਬਣੀ ਰਹੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 4-5 ਦਿਨ ਦੌਰਾਨ ਆਮ ਤੌਰ ’ਤੇ ਖੁਸ਼ਕ ਮੌਸਮ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 32 ਤੋਂ 37 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 18 ਤੋਂ 22 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਰਹੇਗਾ, ਜਦੋਂ ਕਿ ਹਵਾ ਵਿੱਚ ਨਮੀ ਦੀ ਔਸਤ ਮਾਤਰਾ 65 ਤੋਂ 29 ਪ੍ਰਤੀਸ਼ਤ ਦੇ ਵਿਚਕਾਰ ਰਹਿਣ ਦੀ ਉਮੀਦ ਹੈ।