ਰਵਿੰਦਰ ਰਵੀ
ਬਰਨਾਲਾ, 14 ਜੂਨ
ਸੀਵਰੇਜ ਵਿਭਾਗ ਵੱਲੋਂ ਕੌਮੀ ਮਾਰਗ ਮੋਗਾ-ਬਰਨਾਲਾ ਸੜਕ ’ਤੇ ਬਣਾਈ ਜਾ ਰਹੀ ਸੀਵਰੇਜ ਲਾਈਨ ਕਾਰਨ ਰਾਹਗੀਰਾਂ ਦੇ ਨਾਲ ਨਾਲ ਉੱਥੇ ਰਹਿਣ ਵਾਲੇ ਲੋਕਾਂ ਲਈ ਆਫ਼ਤ ਬਣ ਚੁੱਕੀ ਹੈ। ਇਸ ਨਿਰਮਾਣ ਵਿਚ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ’ਤੇ ਟੰਗਿਆ ਜਾ ਰਿਹਾ ਹੈ। ਪਟਿਆਲਾ ਦੀ ਮੱਖਣ ਲਾਲ ਐਂਡ ਕੰਪਨੀ ਵੱਲੋਂ ਠੇਕੇ ’ਤੇ ਪਾਈ ਜਾ ਰਹੇ ਇਸ ਸੀਵਰੇਜ ਦੇ ਨਿਰਮਾਣ ਵਿਚ ਨਾ ਸਿਰਫ਼ ਦੇਰੀ ਹੋ ਰਹੀ ਹੈ, ਬਲਕਿ ਸੁਰੱਖਿਆ ਪ੍ਰਬੰਧਾਂ ਸਬੰਧੀ ਪੂਰੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 1 ਕਰੋੜ 82 ਲੱਖ 44 ਹਜ਼ਾਰ ਰੁਪਏ ਦੀ ਲਾਗਤ ਦੇ ਇਸ ਸੀਵਰੇਜ ਦਾ ਕੰਮ ਠੇਕੇਦਾਰ ਨੇ 28 ਅਪਰੈਲ 2020 ਤੱਕ ਕੰਮ ਮੁਕੰਮਲ ਕਰਕੇ ਦੇਣਾ ਸੀ। ਵਿਭਾਗ ਵੱਲੋਂ ਦਿੱਤੇ ਜਾਂਦੇ ਕੰਮ ’ਚ ਸਪੱਸ਼ਟ ਲਿਖਿਆ ਹੁੰਦਾ ਹੈ ਕਿ ਠੇਕੇਦਾਰ ਕੰਮ ਵਾਲੀ ਜਗ੍ਹਾਂ ’ਤੇ ਪੀਲੇ ਰੰਗ ਦੇ ਵੱਡੇ ਬੋਰਡ ’ਤੇ ਕੰਮ ਦਾ ਵੇਰਵਾਖ਼ਰਚ ਲਿਖਣਾ ਵੀ ਜ਼ਰੂਰੀ ਹੁੰਦਾ ਹੈ ਪਰ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਸਦਕਾ ਠੇਕੇਦਾਰ ਨੇ ਪੀਲਾ ਬੋਰਡ ਲਾਉਣਾ ਮੁਨਾਸਬਿ ਹੀ ਨਹੀਂ ਸਮਝਿਆ।
ਉੱਚ ਪੱਧਰੀ ਜਾਂਚ ਹੋਵੇਗੀ: ਡੀਸੀ
ਇਸ ਸਬੰਧੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਸੀਵਰੇਜ ਦੇ ਚੱਲ ਰਹੇ ਕੰਮ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਪੜਤਾਲ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਕਿਸੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।