ਬਰਨਾਲਾ: ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਏ ਸਾਹਿਤਕ ਸਮਾਗਮ ਦੌਰਾਨ ਡਾ. ਰਾਮਪਾਲ ਸਿੰਘ ਦੀ ਪੁਸਤਕ ‘ਪੰਜਾਬੀ ਜੰਗਨਾਮਾ ਕਾਵਿ ਦਾ ਲੋਕਧਾਰਾਈ ਅਧਿਐਨ’ ਅਤੇ ਡਾ. ਉਜਾਗਰ ਸਿੰਘ ਮਾਨ ਦੇ ਕਾਵਿ ਸੰਗ੍ਰਹਿ ‘ਜਟਕੀ ਕਵਿਤਾ’ ਦਾ ਲੋਕ ਅਰਪਣ ਕੀਤੀਆਂ ਗਈਆਂ। ਪੰਜਾਬੀ ਜੰਗਨਾਮਾ ਕਾਵਿ ਦਾ ਲੋਕਧਾਰਾਈ ਅਧਿਐਨ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਡਾ. ਰਾਮਪਾਲ ਸਿੰਘ ਨੇ ਇਨ੍ਹਾਂ ਜੰਗਨਾਮਿਆਂ ਦੀ ਇਤਿਹਾਸਕਤਾ, ਲੋਕ ਤੱਤਾਂ ਦੀ ਪਛਾਣ ਅਤੇ ਅਧਿਐਨ ਕੀਤਾ ਹੈ ਪਰ ਜੰਗ ਦੇ ਸੰਕਲਪ ਨੂੰ ਬੜੇ ਵਿਸਥਾਰ ਅਤੇ ਤਰਕਸੰਗਤ ਤਰੀਕੇ ਨਾਲ ਪੇਸ਼ ਕੀਤਾ ਹੈ। ਡਾ. ਉਜਾਗਰ ਸਿੰਘ ਮਾਨ ਦੀ ਪੁਸਤਕ ‘ਜਟਕੀ ਕਵਿਤਾ (ਬਾਲ ਵਰੇਸ)’ ਬਾਰੇ ਬੋਲਦਿਆਂ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਉਸ ਦੀਆਂ ਕਵਿਤਾਵਾਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਇਤਿਹਾਸਕ ਪ੍ਰੰਪਰਾਵਾਂ ਦਾ ਵੇਰਵਾ ਮਿਲਦਾ ਹੈ। -ਖੇਤਰੀ ਪ੍ਰਤੀਨਿਧ