ਹਰਦੀਪ ਸਿੰਘ ਜਟਾਣਾ
ਮਾਨਸਾ -14 ਅਕਤੂਬਰ
ਧਰਨੇ ਰੈਲੀਆਂ ਦੇ ਜ਼ੋਰ ਤੇ ਸਾਉਣੀ ਦੀਆਂ ਫ਼ਸਲਾਂ ਦੀ ਸੰਭਾਲ ਦੇ ਸੀਜ਼ਨ ਵਿੱਚ ਜ਼ਿਲ੍ਹੇ ਦੇ ਦਰਜ਼ਨਾਂ ਪਿੰਡਾਂ ’ਚ ਕਬੱਡੀ, ਕ੍ਰਿਕਟ, ਵਾਲੀਬਾਲ ਅਤੇ ਬਾਸਕਟਬਾਲ ਟੂਰਨਾਮੈਟਾਂ ਦਾ ਅਚਾਨਕ ਸ਼ੁਰੂ ਹੋਣਾ ਦਰਸ਼ਕਾਂ ਸਮੇਤ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਪਿੰਡਾਂ ਵਿਚ ਇਹ ਟੂਰਨਾਮੈਂਟ ਦਸੰਬਰ ਮਹੀਨੇ ਸ਼ੁਰੂ ਹੋ ਕੇ ਫਰਵਰੀ ਮਾਰਚ ਤੱਕ ਚੱਲਦੇ ਸਨ, ਪਰ ਇਸ ਵਾਰ ਅਕਤੂਬਰ ਮਹੀਨੇ ਟੂਰਨਾਮੈਂਟਾਂ ਦੀ ਸ਼ੁਰੂਆਤ ਕਈ ਸਵਾਲ ਖੜ੍ਹੇ ਕਰਦੀ ਹੈ। ਕਿਸਾਨ ਸੰਘਰਸ਼ਾਂ ਨਾਲ ਜੁੜੇ ਲੋਕ ਇਨ੍ਹਾਂ ਟੂਰਨਾਮੈਂਟਾਂ ਨੂੰ ਕਿਸਾਨ ਧਰਨੇ ਰੈਲੀਆਂ ’ਚ ਹੋ ਰਹੇ ਇਕੱਠ ਨੂੰ ਘੱਟ ਕਰਨ ਅਤੇ ਧਰਨੇ ਰੈਲੀਆਂ ’ਚ ਨੌਜਵਾਨਾਂ ਦੀ ਸਮੂਲੀਅਤ ਨੂੰ ਮਨਫ਼ੀ ਕਰਨ ਦੀ ਚਾਲ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸਲ ’ਚ ਇਹ ਕਬੱਡੀਆਂ ਕਿਸਾਨ ਸੰਘਰਸ਼ ਖਿ਼ਲਾਫ਼ ਪਾਈਆਂ ਜਾ ਰਹੀਆਂ ਹਨ। ਪਿੰਡ ਪੱਧਰ ’ਤੇ ਬਿਨਾਂ ਕਿਸੇ ਫੰਡ ਇਕੱਤਰ ਕੀਤੇ ਅਤੇ ਬਿਨਾਂ ਕਿਸੇ ਪੋਸਟਰ ਜਾਰੀ ਕੀਤੇ ਚੁੱਪ ਚੁਪੀਤੇ ਹੀ ਦੋ ਕੁ ਦਿਨਾਂ `ਚ ਖੇਡ ਮੈਦਾਨਾਂ `ਚ ਕਬੱਡੀਆਂ ਪੈਣ ਲੱਗ ਪਈਆਂ ਹਨ । ਜਿਕਰਯੋਗ ਹੈ ਜਿ਼ਲ੍ਹੇ ਦੇ ਪਿੰਡ ਬੋੜਾਵਾਲ, ਮਾਖਾ, ਕਿਸ਼ਨਗੜ੍ਹ ਫਰਵਾਹੀ, ਰੱਲਾ, ਖੀਵਾ, ਭੰਮੇ ਕਲਾਂ, ਝੰਡੂਕੇ, ਉੱਭਾ, ਅਤਲਾ ਤੇ ਖਿਆਲਾ ਕਲਾਂ ਸਮੇਤ ਦਰਜ਼ਨਾਂ ਪਿੰਡਾਂ ’ਚ ਟੂਰਨਾਮੈਂਟ ਨੇਪਰੇ ਚੜ੍ਹ ਚੁੱਕੇ ਹਨ ਤੇ ਦੋ ਦਰਜਨ ਦੇ ਕਰੀਬ ਪਿੰਡਾਂ `ਚ ਟੂਰਨਾਮੈਂਟ ਸ਼ੁਰੂ ਹੋਣ ਦੀ ਤਿਆਰੀ ਹੈ। ਰੌਣਕਾਂ ਵਧਾਉਣ ਲਈ ਟੂਰਨਾਮੈਂਟਾਂ ’ਚ ਫਿਲਮੀ ਚਿਹਰੇ ਵੀ ਸੱਦੇ ਜਾ ਰਹੇ ਹਨ। ਜਦੋਂ ਇਸ ਸੰਬਧੀ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਖੇਤਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ਾਂ ’ਚ ਸ਼ਾਮਲ ਹੋਣ। ਉਨ੍ਹਾਂ ਕਿਹਾ ਜੇ ਖੇਤ ਨੇ ਤਾਂ ਪੰਜਾਬ ਹੈ ਜੇ ਪੰਜਾਬ ਹੈ ਤਾਂ ਹੀ ਖੇਡਾਂ ਤੇ ਰੰਗ ਤਮਾਸ਼ੇ ਨੇ। ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਜੇਕਰ ਇਹ ਟੁਰਨਾਮੈਂਟ ਕਿਸਾਨੀ ਸੰਘਰਸ਼ਾਂ ਨੂੰ ਫੇਲ਼ ਕਰਨ ਦੀ ਚਾਲ ਹੈ ਤਾਂ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣਨ। ਯੁਵਕ ਸੇਵਾਵਾਂ ਦੇ ਸਹਾਇਕ ਡਰਾਇਰੈਕਟਰ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਕਰੋਨਾ ਕਾਰਨ ਵੱਡੀ ਗਿਣਤੀ ਪਿੰਡਾਂ ’ਚ ਮਾਰਚ ਮਹੀਨੇ ਕਰਵਾਏ ਜਾਣ ਵਾਲੇ ਟੂਰਨਾਮੈਂਟ ਸਿਰੇ ਨਹੀਂ ਸਨ ਚੜ੍ਹੇ। ਇਨ੍ਹਾਂ ਵਿੱਚੋਂ ਬਹੁਤੇ ਟੂਰਨਾਮੈਂਟ ਉਸੇ ਕੜੀ ਦੇ ਹਨ। ਉਨ੍ਹਾਂ ਕਿਹਾ ਕਿ ਲੰਮੇ ਲਾਕਡਾਉੁੁੁੂਨ ਕਾਰਨ ਖਿਡਾਰੀਆਂ ’ਚ ਉਦਾਸੀ ਸੀ ਅਤੇ ਉਹ ਖੇਡ ਕੇ ਮਾਨਸਿਕ ਥਕਾਨ ਉਤਾਰ ਰਹੇ ਹਨ।