ਪੱਤਰ ਪ੍ਰੇਰਕ
ਭੁੱਚੋ ਮੰਡੀ, 27 ਅਕਤੂਬਰ
ਪਿੰਡ ਲਹਿਰਾ ਬੇਗਾ ਵਿੱਚ ਬਣੀ ਭੁੱਚੋ ਮੰਡੀ ਦੀ ਨਵੀਂ ਅਨਾਜ ਮੰਡੀ ਵਿੱਚ 25 ਅਕਤੂਬਰ ਨੂੰ ਢੋਆ ਢੁਆਈ ਨੂੰ ਲੈ ਕੇ ਟਰੱਕ ਅਪਰੇਟਰ ਯੂਨੀਅਨ ਭੁੱਚੋ ਮੰਡੀ ਅਤੇ ਗੁਰੂ ਨਾਨਕ ਟਰੱਕ ਅਪਰੇਟਰ ਸੁਸਾਇਟੀ ਭੁੱਚੋ ਕੈਂਚੀਆਂ ਦੇ ਅਪਰੇਟਰਾਂ ਵਿੱਚ ਹੋਈ ਲੜਾਈ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ। ਪੁਲੀਸ ਨੇ ਟਰੱਕ ਅਪਰੇਟਰ ਯੂਨੀਅਨ ਭੁੱਚੋ ਮੰਡੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਉਰਫ਼ ਗੁਰਦਾਸ ਸਿੰਘ ਵਾਸੀ ਚੱਕ ਬਖਤੂ ਦੇ ਬਿਆਨਾਂ ’ਤੇ ਕੁੱਟਮਾਰ ਕਰਨ ਖ਼ਿਲਾਫ਼ ਗੁਰੂ ਨਾਨਕ ਟਰੱਕ ਅਪਰੇਟਰ ਸੁਸਾਇਟੀ ਭੁੱਚੋ ਕੈਂਚੀਆਂ ਦੇ ਵਰਿੰਦਰ ਸਿੰਘ, ਸੰਦੀਪ, ਹਰਦਮ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਖੱਤਰੀ, ਜਸਵਿੰਦਰ ਸਿੰਘ, ਤੇਜਿੰਦਰਪਾਲ ਸਿੰਘ, ਦਰਸ਼ਨ ਸਿੰਘ, ਹਰਪਾਲ ਸਿੰਘ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਬਿਕਰਮਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਝਗੜਾ ਢੋਆ ਢੁਆਈ ਦੇ ਰੇਟਾਂ ਦਾ ਸੀ। ਦੂਜੇ ਪਾਸੇ ਗੁਰੂ ਨਾਨਕ ਟਰੱਕ ਅਪਰੇਟਰ ਸੁਸਾਇਟੀ ਭੁੱਚੋ ਕੈਂਚੀਆਂ ਦੇ ਆਗੂ ਵਰਿੰਦਰ ਸਿੰਘ ਬਿੰਪਾ ਨੇ ਕਿਹਾ ਕਿ ਪੁਲੀਸ ਨੇ ਜਿਨ੍ਹਾਂ ਅਪਰੇਟਰਾਂ ’ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਵਿੱਚੋਂ ਸਿਰਫ਼ ਹਰਪਾਲ ਸਿੰਘ ਅਤੇ ਦਰਸ਼ਨ ਸਿੰਘ ਹੀ ਘਟਨਾ ਸਥਾਨ ’ਤੇ ਮੌਜੂਦ ਸਨ। ਜਿਨ੍ਹਾਂ ਦੀ ਪ੍ਰਧਾਨ ਬਿਕਰਮਜੀਤ ਸਿੰਘ ਦੇ ਆਦਮੀਆਂ ਨੇ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤੇ ਸਨ। ਉਲਟਾ ਪੁਲੀਸ ਨੇ ਸਾਡੇ ਆਦਮੀਆਂ ’ਤੇ ਹੀ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ’ਤੇ ਬਿਕਰਮਜੀਤ ਸਿੰਘ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ ਜਦੋਂ ਕਿ ਪ੍ਰਧਾਨ ਕੋਲ ਕੋਈ ਟਰੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਚਾਈ ਸਾਹਮਣੇ ਲਿਆ ਕੇ ਸਹੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਉਣਗੇ।