ਇਕਬਾਲ ਸਿੰਘ ਸ਼ਾਂਤ
ਲੰਬੀ, 16 ਅਪਰੈਲ
ਟਰੱਕ ਯੂਨੀਅਨ ਕਿੱਲਿਆਂਵਾਲੀ ਮਾਮਲੇ ’ਚ ਵਿਧਾਇਕ ਦਾ ਪੁੱਤਰ ਅਮਿਤ ਖੁੱਡੀਆਂ ਖੁੱਲ੍ਹੇਆਮ ਮੈਦਾਨ ’ਚ ਉੁੱਤਰ ਆਇਆ ਹੈ ਜਿਸਦੀ ਅਪਰੇਟਰਾਂ ਨਾਲ ਮੀਟਿੰਗ ਮੌਕੇ ਮਸਲਾ ਤਿੱਖਾ ਰੂਪ ਧਾਰਨ ਕਰ ਗਿਆ। ਟਰੱਕ ਅਪਰੇਟਰਾਂ ਨੇ ਬਾਹਰੀ ਵਿਅਕਤੀ ਨੂੰ ਜਬਰੀ ਪ੍ਰਧਾਨ ਮੰਨਣ ਦੀ ਕਥਿਤ ਸਿਆਸੀ ਧੱਕੇਸ਼ਾਹੀ ਖਿਲਾਫ਼ ਮੰਡੀਆਂ ’ਚੋਂ ਕਣਕ ਦੀ ਚੁਕਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਥਿਤੀ ’ਚ ਵਿਵਾਦ ਮੁੱਖ ਮੰਤਰੀ ਭਗਵੰਤ ਮਾਨ ਤੱਕ ਪੁੱਜਣ ਦੇ ਹਾਲਾਤ ਬਣ ਗਏ ਹਨ। ਸੂਤਰਾਂ ਮੁਤਾਬਕ ਪੁਲੀਸ ਵੀ ਮਲੋਟ ਵਿਵਾਦ ਤੋਂ ਹੱਥ ਖੜ੍ਹੇ ਕਰ ਗਈ ਹੈ। ਮਾਮਲਾ ‘ਆਪ’ ਦੇ ਨਵੇਂ ਤੇ ਪੁਰਾਣੇ ਕਾਡਰ ’ਚ ਵਜੂਦ ਦਾ ਮਸਲਾ ਬਣ ਗਿਆ ਹੈ। ਅਮਿਤ ਖੁੱਡੀਆਂ ਨੇ ਅੱਜ ਕਿੱਲਿਆਂਵਾਲੀ ’ਚ ਇੱਕ ਹਰਿਆਣਵੀ ਕਾਂਗਰਸੀ ਆਗੂ ਦੇ ਟੈਂਟ ਹਾਊਸ ’ਚ ਟਰੱਕ ਅਪਰੇਟਰਾਂ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਟਰੱਕ ਆਪ੍ਰੇਟਰ ਆਗੂ ਰਾਜਪਾਲ ਸੱਚਦੇਵਾ, ਕਿਸ਼ੋਰ ਚੰਦ ਤੇ ਜਰਨੈਲ ਸਿੰਘ ਡੱਫ਼ੂ ਨੇ ਦੱਸਿਆ ਕਿ ਡੀਐੱਸਪੀ ਮਲੋਟ ਨੇ ਉਨ੍ਹਾਂ ਨੂੰ ਮਸਲੇ ਦੇ ਹੱਲ ਲਈ ਅਮਿਤ ਖੁੱਡੀਆਂ ਨਾਲ ਗੱਲਬਾਤ ਲਈ ਸੁਨੇਹਾ ਲਾਇਆ ਸੀ। ਉਨ੍ਹਾਂ ਕਿਹਾ ਕਿ ਅਮਿਤ ਖੁੱਡੀਆਂ ਤੇ ਟੋਜੀ ਲੰਬੀ ਨੇ ਉਨ੍ਹਾਂ ਨੂੰ ਟੈਂਟ ਹਾਊਸ ’ਤੇ ਇੱਕਤਰਫ਼ਾ ਫੈਸਲੇ ਤਹਿਤ ਦਰਸ਼ਨ ਸਿੰਘ ਵੜਿੰਗਖੇੜਾ ਦੇ ਪ੍ਰਧਾਨ ਬਣੇ ਰਹਿਣ ਦਾ ਫ਼ਰਮਾਨ ਸੁਣਾਇਆ। ਇਸ ਦੌਰਾਨ ਜਰਨੈਲ ਸਿੰਘ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਬਾਹਰੀ ਵਿਅਕਤੀ ਨੂੰ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਤਾਂ ਅਮਿਤ ਖੁੱਡੀਆਂ ਤੇ ਟਰੱਕ ਅਪਰੇਟਰਾਂ ’ਚ ਤਲਖ ਕਲਾਮੀ ਹੋਈ। ਟਰੱਕ ਅਪਰੇਟਰਾਂ ਰਾਜਪਾਲ, ਜਰਨੈਲ ਸਿੰਘ ਅਤੇ ਹੋਰਨਾਂ ਟਰੱਕ ਅਪਰੇਟਰਾਂ ਨੇ ਅਮਿਤ ਖੁੱਡੀਆਂ ਅਤੇ ਟੋਜੀ ਲੰਬੀ ‘ਤੇ ਕਥਿਤ ਦਬਿਸ਼ ਦੇ ਦੋਸ਼ ਲਾਏ। ਅਪਰੇਟਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੱਕ ਪਹੁੰਚਾਉਣ ਦੀ ਗੱਲ ਆਖੀ। ਇਸ ਮੌਕੇ ਟਕਸਾਲੀ ‘ਆਪ’ ਆਗੂ ਜਸਬੀਰ ਹਾਕੂਵਾਲਾ, ਗੁਰਮਹਿੰਦਰ ਸਿੰਘ, ਗੁਰਲਾਭ ਸਿੰਘ, ਉਜਾਗਰ ਸਿੰਘ ਤੇ ਫਿਲੌਰ ਸਿੰਘ ਮੌਜੂਦ ਸਨ।
ਵਿਧਾਇਕ ਦੇ ਪੁੱਤਰ ਨੇ ਦੋਸ਼ ਨਕਾਰੇ
ਵਿਧਾਇਕ ਪੁੱਤਰ ਅਮਿਤ ਖੁੱਡੀਆਂ ਨੇ ਦਬਾਅ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਮਾਮਲੇ ਕਰਕੇ ਮੰਡੀਆਂ ’ਚ ਕਿਸਾਨਾਂ ਦੀ ਫ਼ਸਲ ਦੀ ਲਿਫ਼ਟਿੰਗ ਪ੍ਰਭਾਵਿਤ ਨਾ ਹੋਣ ਦੇਣ ਲਈ ਵਿਵਾਦ ਦੇ ਬਦਲਵੇਂ ਹੱਲ ਖਾਤਰ ਅਪਰੇਟਰਾਂ ਨਾਲ ਗੱਲਬਾਤ ਨੂੰ ਪੁੱਜੇ ਸਨ। ਅਪਰੇਟਰਾਂ ਨੇ ਮਾਮਲੇ ਦੇ ਹੱਲ ਲਈ ਸਮਾਂ ਮੰਗਿਆ ਹੈ।