ਪੱਤਰ ਪ੍ਰੇਰਕ
ਸਰਦੂਲਗੜ੍ਹ, 12 ਜੂਨ
ਟਰੱਕ ਅਪਰੇਟਰ ਯੂਨੀਅਨ ਸਰਦੂਲਗੜ੍ਹ ਵਿੱਚ ਢੋਆ-ਢੁਆਈ ਦੇ ਕਿਰਾਏ ਦਾ ਮਾਮਲਾ ਗਰਮਾ ਗਿਆ ਹੈ। ਟਰੱਕ ਅਪਰੇਟਰਾਂ ਨੇ ਦੋਸ਼ ਲਗਾਇਆ ਹੈ ਕਿ ਟਰੱਕ ਯੂਨੀਅਨ ਦੇ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਅਤੇ ਸਬੰਧਿਤ ਠੇਕੇਦਾਰ ਵੱਲੋਂ ਕਥਿਤ ਮਿਲੀਭੁਗਤ ਕਰ ਕੇ ਉਨ੍ਹਾਂ ਨੂੰ ਸਰਕਾਰੀ ਭਾਅ ਮੁਤਾਬਕ ਕਿਰਾਇਆ ਨਹੀਂ ਦਿੱਤਾ ਗਿਆ। ਟਰੱਕ ਅਪਰੇਟਰਾਂ ਰਮਨਦੀਪ ਕੁਮਾਰ (ਰੰਮੀ), ਸੁਖਵਿੰਦਰ ਸਿੰਘ ਹੀਰਕਾ, ਸੰਦੀਪ ਟੀਟੂ, ਗੁਰਪ੍ਰੀਤ ਵੱਡਾ, ਮਨੀ ਬਾਂਦਰਾ, ਕਾਲਾ ਫੱਤਾ, ਦੀਪ ਮੀਰਪੁਰ, ਰੋਹੀ ਰਾਮ ਦੀ ਅਗਵਾਈ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਇਸ ਮੰਗ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਸੋਮਵਾਰ ਨੂੰ ਘੱਗਰ ਦੇ ਪੁਲ ’ਤੇ ਧਰਨਾ ਲਗਾ ਕੇ ਮਾਨਸਾ-ਸਿਰਸਾ ਮਾਰਗ ਅਣਮਿੱਥੇ ਸਮੇਂ ਲਈ ਬੰਦ ਕਰ ਦੇਣਗੇ।
ਟਰੱਕ ਅਪਰੇਟਰਾਂ ਵੱਲੋਂ ਜਾਂਚ ਕਰ ਕੇ ਉਨ੍ਹਾਂ ਨੂੰ ਬਣਦਾ ਕਿਰਾਇਆ ਦੇਣ ਸਬੰਧੀ ਅਤੇ ਘੱਟ ਕਿਰਾਇਆ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਡੀਸੀ ਮਾਨਸਾ, ਐੱਸਡੀਐੱਮ ਸਰਦੂਲਗੜ੍ਹ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਉਨ੍ਹਾਂ ਦਾ ਬਣਦਾ ਕਿਰਾਇਆ ਦਿਵਾਉਣ ਦੀ ਮੰਗ ਕੀਤੀ ਹੈ।