ਹੰਢਿਆਇਆ: ਇੱਥੋਂ ਦੀ ਨਗਰ ਪੰਚਾਇਤ ਦੀ ਹਦੂਦ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਕਥਿਤ ਤੌਰ ’ਤੇ ਲਿੰਕ ਸੜਕਾਂ ਉਪਰ ਕੀਤੇ ਨਾਜਾਇਜ਼ ਕਬਜ਼ੇ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ। ਨਗਰ ਪੰਚਾਇਤ ਹੰਢਿਆਇਆ ਦੀ ਹਦੂਦ ਅੰਦਰ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਧਨੌਲਾ ਖ਼ੁਰਦ ਤੇ ਬਰਨਾਲਾ ਤੋਂ ਮਾਨਸਾ ਨੂੰ ਜਾਣ ਵਾਲੀ ਮੁੱਖ ਸੜਕ ਦੇ ਵਿਚਕਾਰ ਸਾਬਕਾ ਕੌਂਸਲਰ ਨਾਜ਼ਮ ਸਿੰਘ ਦੇ ਘਰ ਤੋਂ ਪਹਿਲਾਂ, ਜਿੱਥੇ ਛੱਪੜਾਂ ਉਪਰ ਪਿੰਡ ਨਿਵਾਸੀਆਂ ਵੱਲੋਂ ਨਾਜਾਇਜ਼ ਕਬਜ਼ੇ ਕਰ ਰੱਖੇ ਹਨ, ਉੱਥੇ ਹੀ ਹੁਣ ਇਸ ਲਿੰਕ ਸੜਕ ਉਪਰ ਰੂੜੀਆਂ ਲਗਾ ਕੇ ਸੜਕੀ ਆਵਾਜਾਈ ਵਿੱਚ ਵਿਘਨ ਪਾਇਆ ਹੋਇਆ। ਓਧਰ ਦੂਸਰੇ ਪਾਸੇ ਲੁੱਧੜ ਪੱਤੀ ਚੌਕ ਤੋਂ ਲੈ ਕੇ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਉਪਰ ਵੀ ਨਜ਼ਾਇਜ ਕਬਜ਼ੇ ਹਨ। ਇਸ ਸਬੰਧੀ ਜਦੋਂ ਹੰਢਿਆਇਆ ਨਗਰ ਪੰਚਾਇਤ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਕਬਜ਼ੇ ਉਨ੍ਹਾਂ ਦੀ ਟਰਮ ਤੋਂ ਪਹਿਲਾਂ ਦੇ ਹੋਏ ਹਨ, ਉਨ੍ਹਾਂ ਦੇ ਹੁੰਦੇ ਇਲਾਕੇ ’ਚ ਕੁਝ ਵੀ ਅਜਿਹਾ ਨਹੀਂ ਹੋਇਆ। -ਪੱਤਰ ਪ੍ਰੇਰਕ