ਪੱਤਰ ਪ੍ਰੇਰਕ
ਭੁੱਚੋ ਮੰਡੀ, 26 ਅਕਤੂਬਰ
ਗੁਰੂ ਅਰਜਨ ਦੇਵ ਨਗਰ ਦੇ ਵਾਰਡ ਨੰਬਰ 7 ਅਤੇ 8 ਵਿੱਚ ਸੀਵਰੇਜ ਓਵਰਫਲੋਅ ਹੋਣ ਕਾਰਨ ਗਲੀਆਂ ਵਿੱਚ ਗੰਦਾ ਪਾਣੀ ਭਰ ਗਿਆ। ਇਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਵਾਰਡ ਵਾਸੀ ਬੂਟਾ ਸਿੰਘ, ਪ੍ਰਿਤਪਾਲ ਸਿੰਘ, ਮਨੀਸ਼ ਕੁਮਾਰ ਅਤੇ ਜਗਦੀਸ਼ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਕਾਰਨ ਤਿਉਹਾਰਾਂ ਦੇ ਦਿਨਾਂ ਵਿੱਚ ਉਹ ਬੇਹੱਦ ਪ੍ਰੇਸ਼ਾਨ ਹੋਏ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਹਰ ਵਾਰ ਆਰਜ਼ੀ ਹੱਲ ਕਰਕੇ ਚਲੇ ਜਾਂਦੇ ਹਨ। ਇਸ ਕਾਰਨ ਸਮੱਸਿਆ ਵਾਰ ਵਾਰ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਘਰਾਂ ਵਿੱਚ ਜਾਣਾ ਆਉਣਾ ਮੁਸ਼ਕਲ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਇਸ ਸਬੰਧੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਗੋਲਣ ਨੇ ਦੱਸਿਆ ਕਿ ਲਗਾਤਾਰ ਤਿੰਨ ਛੁੱਟੀਆਂ ਹੋਣ ਕਾਰਨ ਸਮੱਸਿਆ ਪੈਦਾ ਹੋ ਗਈ ਹੈ। ਬੰਦ ਹੋਏ ਸੀਵਰੇਜ ਨੂੰ ਚਲਾਉਣ ਲਈ ਮਸ਼ੀਨਰੀ ਲਗਾ ਦਿੱਤੀ ਗਈ ਹੈ। ਜਲਦੀ ਹੀ ਸਮੱਸਿਆ ਹੱਲ ਹੋ ਜਾਵੇਗੀ।