ਗੁਰਸੇਵਕ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਅਪਰੈਲ
ਰੇਤੇ ਦੀ ਢੁਆਈ ਕਰਨ ਵਾਲੇ ਦਰਜਨਾਂ ਟਰੈਕਟਰ-ਟਰਾਲੀ ਚਾਲਕਾਂ ਨੇ ਰੇਤ ਮਾਫੀਆ ਵੱਲੋਂ ਕੀਤੀ ਜਾਂਦੀ ਕਥਿਤ ਲੁੱਟ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ। ਚਾਲਕ ਹਾਕਮ ਸਿੰਘ, ਤਰਸੇਮ ਕੁਮਾਰ, ਸੁਖਦੀਪ ਸਿੰਘ, ਮੁਨੀਸ਼ ਕੁਮਾਰ, ਤਰਸੇਮ ਸਿੰਘ, ਦੀਪੂ, ਸ਼ੇਰ ਸਿੰਘ ਅਤੇ ਕੁਲਬੀਰ ਸਿੰਘ ਹੋਰਾਂ ਨੇ ਦੱਸਿਆ ਕਿ ਲਾਗਲੇ ਪਿੰਡ ਚੱਕ ਬਧਾਈ ਵਿਖੇ ਜੋ ਰੇਤੇ ਦੀ ਖੱਡ ਹੈ ਉਥੇ ਕਥਿਤ ਤੌਰ ’ਤੇ ਸਰਕਾਰੀ ਰੇਟ ਨਾਲੋਂ ਦੁੱਗਣੇ ਭਾਅ ’ਤੇ ਰੇਤੇ ਦੀ ਭਰਵਾਈ ਕਰਵਾਈ ਜਾਂਦੀ ਹੈ ਅਤੇ ਪ੍ਰਤੀ ਟਰਾਲੀ ਕਥਿਤ ਤੌਰ ’ਤੇ 900 ਰੁਪਏ ਟੈਕਸ ਲਿਆ ਜਾਂਦਾ ਹੈ। ਇਸ ਤਰ੍ਹਾਂ ਜਿਹੜੀ ਟਰਾਲੀ ਦੋ ਹਜ਼ਾਰ ਰੁਪਏ ਤੋਂ ਘੱਟ ਭਾਅ ’ਤੇ ਵਿਗਣੀ ਹੁੰਦੀ ਹੈ ਉਹ ਪੰਜ ਹਜ਼ਾਰ ਤੋਂ ਵੱਧ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਥੇ ਰੇਤਾ ਵੀ ਕਰੀਬ 50 ਫੁੱਟ ਹੇਠਾਂ ਤੋਂ ਕੱਢਿਆ ਜਾਂਦਾ ਹੈ ਜੋ ਕਿ ਗੈਰ ਕਾਨੂੰਨੀ ਹੈ। ਖੱਡ ਉਪਰ ਕੋਈ ਰੇਟ ਲਿਸਟ ਵੀ ਨਹੀਂ ਲਾਈ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਲੁੱਟ ਬੰਦ ਨਾ ਹੋਈ ਤਾਂ ਸਮੂਹ ਟਰੈਕਟਰ ਚਾਲਕ ਭੁੱਖ ਹੜਤਾਲ ’ਤੇ ਬੈਠਣ ਲਈ ਮਜ਼ਬੂਰ ਹੋਣਗੇ। ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕਰਨਗੇ। ਠੇਕੇਦਾਰ ਦੇ ਕਰਿੰਦੇ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਰੇਟਾਂ ਅਨੁਸਾਰ ਹੀ ਰੇਤੇ ਦੀ ਵਿਕਰੀ ਕੀਤੀ ਜਾਂਦੀ ਹੈ।