ਖੇਤਰੀ ਪ੍ਰਤੀਨਿਧ
ਬਰਨਾਲਾ, 2 ਮਈ
ਖੇਤੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਬਰਨਾਲਾ ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ਵਿੱਚ ਅੱਜ 214ਵੇਂ ਦਿਨ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰਾਂ ’ਤੇ ਪੱਛਮੀ ਬੰਗਾਲ ਤੋਂ ਸ਼ਹੀਦਾਂ ਦੀ ਮਿੱਟੀ ਲੈ ਕੇ ਪੁੱਜੀ ਅਤੇ ਸੰਘਰਸ਼ ਦਾ ਹਿੱਸਾ ਬਣੀ ਰਹੀ ਬੰਗਾਲ ਦੀ ਨੌਜਵਾਨ ਧੀ ਮਮਤਾ ਬਾਸੂ ਦੇ ਬੇਵਕਤੀ ਵਿਛੋੜੇ ਉੱਪਰ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ| ਮਮਤਾ ਬਾਸੂ ਨੂੰ ਸਮੁੱਚੇ ਦੇਸ਼ਵਿਆਪੀ ਕਿਸਾਨ ਅੰਦੋਲਨ ਦੀ ਸ਼ਹੀਦ ਵੀ ਗਰਦਾਨਿਆ| ਬੁਲਾਰਿਆਂ ਕਿਹਾ ਕਿ ਇਹ ਕੁਰਬਾਨੀਆਂ ਅਜਾਈਆਂ ਨਹੀਂ ਜਾਣਗੀਆਂ| ਇਸ ਮੌਕੇ ਕਰਨੈਲ ਸਿੰਘ ਗਾਂਧੀ, ਬਲਵੀਰ ਕੌਰ ਕਰਮਗੜ੍ਹ, ਬਾਬੂ ਸਿੰਘ ਖੁੱਡੀਕਲਾਂ, ਪਰਮਜੀਤ ਕੌਰ ਠੀਕਰੀਵਾਲ, ਗੁਰਨਾਮ ਸਿੰਘ ਠੀਕਰੀਵਾਲ ਆਦਿ ਨੇ ਵੱਡੀ ਪੱਧਰ ’ਤੇ ਪਿੰਡਾਂ ਅੰਦਰ ਮਜ਼ਬੂਤ ਹੋ ਰਹੀ ਕਿਸਾਨ-ਮਜ਼ਦੂਰ ਏਕੇ ਦੀ ਜ਼ੋਰਦਾਰ ਸਰਾਹਨਾ ਕਰਦਿਆਂ ਇਸ ਜਮਾਤੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ| ਪਾਠਕ ਭਰਾਵਾਂ ਦੇ ਕਵੀਸ਼ਰੀ ਜਥੇ, ਬਹਾਦਰ ਸਿੰਘ ਧਨੌਲਾ, ਰੁਲਦੂ ਸਿੰਘ ਸ਼ੇਰੋਂ, ਜੀਤ ਕੌਰ ਨੇ ਗੀਤ/ਕਵੀਸ਼ਰੀਆਂ ਪੇਸ਼ ਕੀਤੀਆਂ| ਲੰਗਰ ਦੀ ਸੇਵਾ ਸ਼ੇਰ ਸਿੰਘ ਭੱਠਲ ਬਾਜਵਾ ਪੱਤੀ ਬਰਨਾਲਾ ਵੱਲੋਂ ਨਿਭਾਈ ਗਈ|