ਨਿੱਜੀ ਪੱਤਰ ਪ੍ਰੇਰਕ
ਮੋਗਾ, 25 ਜੁਲਾਈ
ਇਥੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਭਵਨ ਵਿੱਚ ਲੋਕ ਸੰਗਰਾਮ ਮੋਰਚਾ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਅਤੇ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਨ੍ਹੱਈ ਚੈਟਰਜੀ, ਬਾਬਾ ਬੂਝਾ ਸਿੰਘ, ਸ਼ਹੀਦ ਊਧਮ ਸਿੰਘ, ਪ੍ਰਿਥੀਪਾਲ ਰੰਧਾਵਾ, ਅਵਤਾਰ ਸਿੰਘ ਢੁੱਡੀਕੇ, ਲਾਲਇੰਦਰ ਕੁਮਾਰ ਲਾਲੀ ਤੇ ਕਿਸਾਨ (ਲੋਕ ਅੰਦੋਲਨ) ਸੰਘਰਸ਼ ਦੌਰਾਨ ਸ਼ਹੀਦ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤਾਰਾ ਸਿੰਘ, ਦਰਸ਼ਨ ਸਿੰਘ ਤੂਰ, ਲੋਕ ਰਾਜ ਮਹਿਰਾਜ, ਪਰਮਜੀਤ ਸਿੰਘ ਜ਼ੀਰਾ, ਗੁਰਦੀਪ ਸਿੰਘ ਵੈਰੋਕੇ ਤੇ ਬਲਵੰਤ ਮੱਖੂ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਆਖਿਆ ਕਿ ਅੱਜ 54 ਸਾਲ ਹੋ ਗਏ ਪੱਛਮੀ ਬੰਗਾਲ ਦੇ ਨਕਸਲਬਾੜੀ ਇਲਾਕੇ ’ਚੋਂ ਨਕਸਲਬਾੜੀ ਲਹਿਰ ਨੂੰ ਉੱਠਿਆਂ। ਨਕਸਲਬਾੜੀ ਦੀ ਇਹ ਲਹਿਰ ਅੱਜ ਵੀ ਭਾਰਤ ਅੰਦਰ ਲੋਕ ਦੁਸ਼ਮਣ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਸਤਾਏ ਮਜ਼ਦੂਰਾਂ ਕਿਸਾਨਾਂ ਅਤੇ ਹੋਰਾਂ ਲਈ ਮੁਕਤੀ ਦਾ ਇੱਕੋ ਇੱਕ ਰਾਹ ਸਾਬਤ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਨੂੰ ਪਿੰਡ ਪੱਧਰ ’ਤੇ ਲਾਗੂ ਕਰਦਿਆਂ ਕੇਂਦਰੀ ਹਕੂਮਤ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਜਾਰੀ ਅੰਦੋਲਨ ਨੂੰ ਜਿੱਤ ਤੱਕ ਲਿਜਾਇਆ ਜਾਵੇਗਾ।