ਖੇਤਰੀ ਪ੍ਰਤੀਨਿਧ
ਬਰਨਾਲਾ, 6 ਦਸੰਬਰ
ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਸਮੇਤ ਕਿਸਾਨ ਅੰਦੋਲਨ ਦੀਆਂ ਮੰਗਾਂ ਦੀ ਪੂਰਤੀ ਲਈ ਕੇਂਦਰੀ ਹਕੂਮਤ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ‘ਤੇ 432 ਦਿਨਾਂ ਤੋਂ ਡਟੇ ਕਿਸਾਨਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ। ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ ਅੰਬੇਡਕਰ ਦਾ 65ਵਾਂ ਪ੍ਰੀ ਨਿਰਵਾਣ ਦਿਵਸ ਧਰਨੇ ਵਿੱਚ ਮਨਾਉਂਦਿਆਂ ਧਰਨਾਕਾਰੀਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਲਵੰਤ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ।
ਮਹਿਲ ਕਲਾਂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਹੈ ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਅੱਜ ਪ੍ਰੀ ਨਿਰਵਾਣ ਦਿਵਸ ਮੌਕੇ ਡਾ ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੰਵਿਧਾਨ ਨੂੰ ਫਾਸ਼ੀਵਾਦੀ ਹਮਲਿਆਂ ਤੋਂ ਬਚਾਉਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਭੱਦਲਵੱਡ ਨਜ਼ਦੀਕ ਰਿਲਾਇੰਸ ਪੈਟਰੋਲ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਪੱਕਾ ਧਰਨਾ ਜਾਰੀ ਹੈ।