ਜਗਜੀਤ ਸਿੱਧੂ
ਤਲਵੰਡੀ ਸਾਬੋ, 19 ਅਕਤੂਬਰ
ਪੁਲੀਸ ਨੇ ਇਲਾਕੇ ਦੇ ਵੱਖ ਵੱਖ ਤਿੰਨ ਥਾਵਾਂ ਤੋਂ ਬਾਹਰਲੇ ਸੂਬਿਆਂ ਤੋਂ ਆਏ ਝੋਨੇ ਦੇ ਭਰੇ ਟਰਾਲੇ ਕਾਬੂ ਕੀਤੇ ਹਨ ਜਦ ਕਿ ਇੱਕ ਦੀ ਭਾਲ ਕੀਤੀ ਜਾ ਰਹੀ ਹੈ। ਇਹ ਟਰਾਲੇ ਦੂਜੇ ਰਾਜਾਂ ਤੋਂ ਸਸਤੇ ਭਾਅ ਵਿੱਚ ਝੋਨਾ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚ ਕੇ ਕਿਸਾਨਾਂ ਅਤੇ ਪੰਜਾਬ ਸਰਕਾਰ ਨਾਲ ਧੋਖਾ ਕਰ ਰਹੇ ਸਨ। ਪੁਲੀਸ ਨੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲੇ ਦਰਜ ਮਾਮਲੇ ਅਨੁਸਾਰ ਏਐਸਆਈ ਧਰਮਵੀਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਜਗਾ ਰਾਮ ਤੀਰਥ ਕੋਲ ਕੀਤੀ ਨਾਕਾਬੰਦੀ ਦੌਰਾਨ ਇੱਕ ਟਰਾਲਾ (ਆਰ ਜੇ 14 ਜੀਈ 0357) ਨੂੰ 25 ਟਨ ਝੋਨੇ ਸਮੇਤ ਕਾਬੂ ਕੀਤਾ ਹੈ। ਇਸ ਦੇ ਡਰਾਇਵਰ ਕੁਲਦੀਪ ਸਿੰਘ ਵਾਸੀ ਭਗਵਾਨਪੁਰਾ ਨੂੰ ਮੌਕੇ ‘ਤੇ ਕਾਬੂ ਕਰ ਲਿਆ। ਪੁਲੀਸ ਨੇ ਡਰਾਈਵਰ ਕੁਲਦੀਪ ਸਿੰਘ, ਮਾਲਕ ਡੀਆਰ ਇੰਡਸਟਰੀ ਏ 14 ਮੰਡੀ ਧਨਗੰਜ ਖੁਰਜਾ ਬਲੰਦ ਸ਼ਹਿਰ ਉੱਤਰ ਪ੍ਰਦੇਸ਼ ਅਤੇ ਮਾਲਕ ਬੀ.ਸੀ.ਐੱਲ. ਇੰਡਸਟਰੀ ਹਾਜੀਰਤਨ ਲਿੰਕ ਰੋਡ ਬਠਿੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਮਾਮਲੇ ਵਿੱਚ ਏਐੱਸਆਈ ਗੋਬਿੰਦ ਸਿੰਘ ਨੇ ਪੁਲੀਸ ਪਾਰਟੀ ਸਮੇਤ ਪਿੰਡ ਸਿੰਗੋ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੁਪਤ ਸੂਚਨਾ ਮਿਲਣ ‘ਤੇ ਪੁਲੀਸ ਪਾਰਟੀ ਨਥੇਹਾ ਪਹੁੰਚੀ। ਜਿੱਥੇ ਇੱਕ ਟਰਾਲਾ 25 ਟਨ 55 ਕਿਲੋ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਖੜ੍ਹਾ ਸੀ ਜਿਸ ਨੂੰ ਪੁਲੀਸ ਪਾਰਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲੀਸ ਨੇ ਨਾਮਲੂਮ ਟਰੱਕ ਡਰਾਈਵਰਾਂ, ਮਾਲਕ ਪੁਛਕਰ ਟਰੇਡਿੰਗ ਕੰਪਨੀ ਬਿੰਦਗੀ ਫਤਿਹਪੁਰ ਉਤਰ ਪ੍ਰਦੇਸ਼ ਅਤੇ ਮਾਲਕ ਏ.ਬੀ. ਐਗਰੋ ਫੂਡਜ ਮਲੋਟ ਪੰਜਾਬ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤੀਜੇ ਮਾਮਲੇ ਵਿੱਚ ਐਸਆਈ ਸੁਖਜਿੰਦਰ ਸਿੰਘ ਨੇ ਫਤਿਹਗੜ੍ਹ ਨੌਂ ਅਬਾਦ (ਨਵਾਂ ਪਿੰਡ) ਕੋਲੋਂ ਬਾਹਰਲੇ ਸੂਬੇ ਤੋਂ ਆਏ 36 ਟਨ 55 ਕਿਲੋ ਝੋਨੇ ਦੇ ਭਰੇ ਟਰੱਕ ਨੂੰ ਕਾਬੂ ਕੀਤਾ ਹੈ ਜਿਸ ਦਾ ਡਰਾਈਵਰ ਭੱਜ ਨਿਕਲਿਆ। ਪੁਲੀਸ ਨੇ ਨਾਮਲੂਮ ਟਰੱਕ ਡਰਾਈਵਰ, ਮਾਲਕ ਮਿਸਟਰ ਕੈਲਾਸ਼ ਟਰੇਡਿੰਗ ਕੰਪਨੀ 47 ਕੈਲਾਸ਼ ਮੰਡੀ ਸਿਰਸਾ ਅਤੇ ਮਾਲਕ ਐੱਸ.ਐੱਸ, ਮਾਲਕ ਇੰਡਸਟਰੀ ਜਲਾਲਾਬਾਦ ਪੰਜਾਬ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਡੀਐਸਪੀ ਤਲਵੰਡੀ ਸਾਬੋ ਨਰਿੰਦਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਗੁਆਂਢੀ ਰਾਜ ਹਰਿਆਣਾ ਨਾਲ ਲੱਗਦੇ ਪੰਜ ਪੁਆਇੰਟਾਂ ’ਤੇ ਨਾਕਾਬੰਦੀ ਕਰ ਦਿੱਤੀ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਪੈਂਦੇ ਪਿੰਡ ਥੇਹਕਲੰਦਰ ’ਚ ਟੌਲ ਪਲਾਜ਼ੇ ’ਤੇ ਕਿਸਾਨਾਂ ਵੱਲੋਂ ਲਗਾਏ ਧਰਨੇ ਦੌਰਾਨ ਬੀਤੀ ਰਾਤ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਤੋਂ ਸਸਤੇ ਰੇਟ ’ਤੇ ਝੋਨਾ ਖਰੀਦ ਕੇ ਜਲਾਲਾਬਾਦ ਜਾਣ ਵਾਲੇ ਤਕਰੀਬਨ ਪੰਦਰਾਂ ਟਰੱਕਾਂ ਨੂੰ ਕਿਸਾਨਾਂ ਨੇ ਘੇਰ ਲਿਆ। ਇਸ ਦੌਰਾਨ ਮੌਕੇ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਚੱਕਪੱਖੀ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਲਾਧੂਕਾ ਦੇ ਹਰੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਝੋਨਾ ਖਰੀਦ ਕੇ ਸ਼ੈੱਲਰ ਮਾਲਕ ਟਰੱਕ ਭਰ ਭਰ ਕੇ ਪੰਜਾਬ ਆ ਰਹੇ ਹਨ ਜਿਸ ਨਾਲ ਪੰਜਾਬ ਦੇ ਕਿਸਾਨਾਂ ਦੇ ਝੋਨੇ ਦੇ ਰੇਟ ’ਤੇ ਬਹੁਤ ਮਾੜਾ ਪ੍ਰਭਾਵ ਪਵੇਗਾ।
ਬਾਹਰਲੇ ਰਾਜਾਂ ਤੋਂ ਝੋਨਾ ਲਿਆਉਣ ਖ਼ਿਲਾਫ਼ ਧਰਨਾ ਲਾਇਆ
ਗਿੱਦੜਬਾਹਾ (ਦੇਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨ (ਮਾਨਸਾ) ਵੱਲੋਂ ਅੱਜ ਸਥਾਨਕ ਬਠਿੰੰਡਾ ਰੋਡ ’ਤੇ ਧਰਨਾ ਲਗਾ ਕੇ ਪੰੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਉੱਤਰ ਪ੍ਰਦੇਸ਼ ਤੋਂ ਝੋਨੇ ਦੇ ਭਰੇ ਦੋ ਟਰਾਲਿਆਂ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਨੂੰ ਕੁਝ ਸ਼ੈੱਲਰ ਮਾਲਕਾਂ ਵੱਲੋਂ ਸਸਤੇ ਭਾਅ ’ਤੇ ਖਰੀਦ ਕੇ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦ ਤੱਕ ਸਬੰਧਤ ਸ਼ੈੱਲਰ ਮਾਲਕਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ।
ਰਾਜਸਥਾਨ ਤੋਂ ਜੀਰੀ ਲਿਆ ਕੇ ਵੇਚਦਾ ਆੜ੍ਹਤੀ ਕਾਬੂ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਆੜ੍ਹਤੀਆਂ ਵੱਲੋਂ ਅੱਧੇ ਰੇਟਾਂ ’ਤੇ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਦੀ ਜੀਰੀ ਖਰੀਦ ਕੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਟਿੱਬੀ ਸਾਹਿਬ ਗੁਰੂਸਰ ਮੰਡੀ ਵਿਚ ਆਇਆ ਹੈ। ਜਿਵੇਂ ਹੀ ਇਸ ਦੀ ਭਿਣਕ ਕਿਸਾਨ ਆਗੂ ਜਸ ਪਿਪਲੀ ਤੇ ਲੱਖਾ ਸਿੰਘ ਪਿਪਲੀ ਨੂੰ ਪਈ ਕਿ ਤਾਂ ਉਨ੍ਹਾਂ ਨੇ ਮੰਡੀ ਵਿੱਚ ਜਾ ਕੇ ਇਸ ਦੀ ਪੜਤਾਲ ਕੀਤੀ ਤੇ ਉਕਤ ਆੜ੍ਹਤੀਏ ਨੂੰ ਪੁੱਛਿਆ, ਆੜ੍ਹਤੀਏ ਵੱਲੋਂ 3 ਕਿਸਾਨਾਂ ਦੇ ਨਾਮ ’ਤੇ 700 ਦੇ ਕਰੀਬ ਗੱਟਿਆਂ ਦੀਆਂ ਪਰਚੀਆਂ ਕੱਟੀਆਂ ਗਈਆਂ। ਜਦੋਂ ਉਸ ਨਾਮ ਦੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੀ ਜੀਰੀ ਹੀ ਨਹੀਂ ਸੀ। ਬੀ ਕੇ ਯੂ ਕ੍ਰਾਂਤੀਕਾਰੀ ਦੇ ਜਿਲ੍ਹਾ ਪ੍ਰਧਾਨ ਪ੍ਰਸੋਤਮ ਮਹਿਰਾਜ ਨੇ ਦੱਸਿਆ ਕਿ ਇਕੱਠੇ ਹੋਏ ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਉਕਤ ਆੜ੍ਹਤੀਏ ਨੇ ਆਪਣੀ ਗਲਤੀ ਮੰਨ ਲਈ ਕਿ ਉਸ ਨੇ ਇਹ ਜੀਰੀ ਰਾਜਸਥਾਨ ਤੋ ਮੰਗਵਾਈ ਹੈ। ਆੜ੍ਹਤੀਏ ਵੱਲੋਂ ਕਿਸਾਨਾਂ ਤੋ ਹੱਥ ਜੋੜ ਕੇ ਮੁਆਫ਼ੀ ਮੰਗੀ ਗਈ ਤੇ ਜੀਰੀ ਵਾਪਸ ਰਾਜਸਥਾਨ ਭੇਜਣ ਦਾ ਭਰੋਸਾ ਦਿੱਤਾ।