ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 16 ਅਗਸਤ
ਫ਼ਰੀਦਕੋਟ ਦੇ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਨੇ ਅੱਜ ਆਪਣੇ ਇੱਕ ਫੈਸਲੇ ਵਿੱਚ ਜਲੰਧਰ ਦੀ ਇੱਕ ਟਰੈਵਲਰ ਏਜੰਟ ਨਰਿੰਦਰ ਪੁਰੇਵਾਲ ਨੂੰ ਚੈੱਕ ਬਾਊਂਸ ਦੇ ਦੋ ਕੇਸਾਂ ਵਿੱਚ ਤਿੰਨ ਸਾਲ ਕੈਦ ਦੀ ਸਜ਼ਾ ਤੇ 3 ਲੱਖ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਜੁਰਮਾਨੇ ਦੀ ਇਹ ਰਕਮ ਪੀੜਤ ਸਰਦੂਲ ਸਿੰਘ ਨੂੰ ਦਿੱਤੀ ਜਾਵੇਗੀ। ਸੂਚਨਾ ਅਨੁਸਾਰ ਸਰਦੂਲ ਸਿੰਘ ਵਾਸੀ ਗੋਲੇਵਾਲਾ ਨੇ ਆਪਣਾ ਲੜਕਾ ਵਿਦੇਸ਼ ਭੇਜਣ ਲਈ ਨਰਿੰਦਰ ਪੁਰੇਵਾਲ ਅਤੇ ਉਸ ਦੇ ਇੱਕ ਕਰੀਬੀ ਸਾਥੀ ਨੂੰ ਕਰੀਬ 30 ਲੱਖ ਰੁਪਏ ਦਿੱਤੇ ਸਨ ਪਰ ਨਰਿੰਦਰ ਪੁਰੇਵਾਲ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਵਿਵਾਦ ਪੈਦਾ ਹੋਣ ਤੋਂ ਬਾਅਦ ਨਰਿੰਦਰ ਪੁਰੇਵਾਲ ਨੇ ਸ਼ਿਕਾਇਤ ਕਰਤਾ ਸਰਦੂਲ ਸਿੰਘ ਨੂੰ ਚੈੱਕ ਦੇ ਦਿੱਤੇ ਜੋ ਬਾਂਊਸ ਹੋ ਗਏ। ਇਸ ਦੌਰਾਨ ਪੁਰੇਵਾਲ ਨੇ ਸਰਦੂਲ ਸਿੰਘ ਉੱਤੇ ਚੈੱਕ ਚੋਰੀ ਕਰਨ ਦਾ ਵੀ ਦੋਸ਼ ਲਾਇਆ ਸੀ ਜੋ ਕਿ ਸਹੀਸਾਬਿਤ ਨਹੀਂ ਹੋਇਆ। ਅਦਾਲਤ ਨੇ ਤਿੰਨ ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਅੱਜ ਨਰਿੰਦਰ ਪੁਰੇਵਾਲ ਨੂੰ ਜਾਣ ਬੁੱਝ ਕੇ ਨੁਕਸਦਾਰ ਚੈੱਕ ਜਾਰੀ ਕਰਨ ਦਾ ਕਸੂਰਵਾਰ ਮੰਨਿਆ ਇਹ ਹੁਕਮ ਸੁਣਾਇਆ। ਅਦਾਲਤ ਨੇ ਇਸ ਦੇ ਨਾਲ ਹੀ ਪੁਰੇਵਾਲ ਦੇ ਕਰੀਬੀ ਸਾਥੀ ਗਗਨਦੀਪ ਸਿੰਘ ਵਾਸੀ ਅੰਮ੍ਰਿਤਸਰ ਨੂੰ ਠੱਗੀ ਮਾਰਨ ਦੇ ਮਾਮਲੇ ਵਿੱਚ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਗਨਦੀਪ ਸਿੰਘ ਇਸ ਮਾਮਲੇ ਦੀ ਸੁਣਵਾਈ ਵਿੱਚ ਸ਼ਾਮਲ ਨਹੀਂ ਹੋਇਆ ਸੀ।