ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਗਸਤ
ਕੈਨੇਡਾ ’ਚ ਪੜ੍ਹਾਈ ਲਈ ਗਾਰੰਟਿਡ ਇਨਵੈਸਟਮੈਂਟ ਸਰਟੀਫਿਕੇਟ (ਜੀਆਈਸੀ) ਦੀ ਜਾਅਲਸਾਜ਼ੀ ਦੇ ਦੋਸ਼ ਹੇਠ ਸਥਾਨਕ ਮਨੁੱਖੀ ਤਸਕਰੀ ਵਿੰਗ ਨੇ ਇਮੀਗਰੇਸ਼ਨ ਸੰਚਾਲਕ ਨੂੰ ਇਕ ਸਾਲ ਬਾਅਦ ਗ੍ਰਿਫ਼ਤਾਰ ਕੀਤਾ ਹੈ। ਜੀਆਈਸੀ ਫ਼ਰਜ਼ੀ ਹੋਣ ’ਤੇ ਦੂਤਾਵਾਸ ਨੇ ਸੈਂਕੜੇ ਵਿਦਿਆਰਥੀਆਂ ਦੀਆਂ ਸਿਰਫ਼ ਅਰਜ਼ੀਆਂ ਹੀ ਰੱਦ ਨਹੀਂ ਕੀਤੀਆਂ ਸਨ ਸਗੋਂ 5 ਸਾਲ ਲਈ ਅਪਲਾਈ ਕਰਨ ’ਤੇ ਪਾਬੰਦੀ ਵੀ ਲਾ ਦਿੱਤੀ ਸੀ।
ਇਸ ਏਜੰਟ ਦੀ ਹਾਈ ਕੋਰਟ ਨੇ 10 ਮਹੀਨੇ ਪਹਿਲਾਂ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਦੇ ਬਾਵਜੂਦ ਕਥਿਤ ਸਿਆਸੀ ਪੁਸ਼ਤਪਨਾਹੀ ਕਾਰਨ ਪੁਲੀਸ ਗ੍ਰਿਫ਼ਤਾਰੀ ਟਾਲਦੀ ਆ ਰਹੀ ਸੀ। ਇਸ ਮਾਮਲੇ ਦੇ ਪੀੜਤ ਵਿਦਿਆਰਥੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੂੰ ਮਿਲੇ ਸਨ ਤੇ ਧਿਆਨ ਵਿੱਚ ਲਿਆਂਦਾ ਸੀ ਕਿ ਸਥਾਨਕ ਇੰਗਲਸ਼ ਟਰੀ ਸੰਸਥਾ ਦੇ ਸੰਚਾਲਕ ਜਸਵੀਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਮੋਗਾ ਖ਼ਿਲਾਫ਼ ਕੇਸ ਦਰਜ ਹੋਇਆ ਸੀ ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਇਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਕੀਤੀ। ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਟਰੈਵਲ ਏਜੰਟ ਦੀ ਸੰਸਥਾ ਇੰਗਲਸ਼ ਟਰੀ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ।
ਕੈਨੇਡਾ ’ਚ ਪੜ੍ਹਾਈ ਲਈ ਗਾਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਜ਼ਰੂਰੀ
ਕੈਨੇਡਾ ਜਾਣ ਲਈ ਵਿਦਿਆਰਥੀਆਂ ਨੂੰ ਗਾਰੰਟਿਡ ਇਨਵੈਸਟਮੈਂਟ ਸਰਟੀਫਿਕੇਟ (ਜੀਆਈਸੀ) 10 ਹਜ਼ਾਰ ਕੈਨੇਡੀਅਨ ਡਾਲਰ ਜਮ੍ਹਾਂ ਕਰਵਾ ਕੇ ਕੈਨੇਡਾ ਦੇ ਬੈਂਕ ਤੋਂ ਲੈਣਾ ਪੈਂਦਾ ਹੈ। ਇਸ ਤੋਂ ਬਾਅਦ ਵਿਦਿਆਰਥੀ ਨੂੰ ਕੈਨੇਡਾ ਪਹੁੰਚਣ ’ਤੇ ਸਬੰਧਿਤ ਬੈਂਕ ਤੋਂ ਇਕ ਵਰ੍ਹੇ ਦੌਰਾਨ ਜਮ੍ਹਾਂ ਕਰਾਏ ਗਏ ਪੈਸੇ ਪੜ੍ਹਾਈ ਤੇ ਹੋਰ ਖਰਚ ਕਰਨ ਲਈ ਮਿਲਦੇ ਹਨ।