ਇਕਬਾਲ ਸਿੰਘ ਸ਼ਾਂਤ
ਲੰਬੀ, 15 ਫਰਵਰੀ
ਟੈਕਸ ਵਿਭਾਗ ਪੰਜਾਬ ਦੀ ਮੋਬਾਈਲ ਵਿੰਗ ਦੇ ਮੈਂਬਰਾਂ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਲੰਬੀ ਪੁਲੀਸ ਨੇ ਈ.ਟੀ.ਓ. ਦੀ ਸ਼ਿਕਾਇਤ ’ਤੇ ਟਰਾਂਸਪੋਰਟ ਧਿਰ ਖਿਲਾਫ਼ ਡੀ.ਡੀ.ਆਰ ਦਰਜ ਕੀਤੀ ਹੈ। ਸ਼ਿਕਾਇਤ ਵਿੱਚ ਮੋਬਾਈਲ ਵਿੰਗ ਬਠਿੰਡਾ ਦੇ ਈਟੀਓ ਐੱਚ.ਐੱਸ. ਡਿੰਪਲ ਨੇ ਰਣਜੀਤ ਸਿੰਘ ਵਾਸੀ ਮਲੋਟ, ਕੁਲਜੀਤ ਸਿੰਘ, ਰਾਜੂ ਨਾਰੰਗ ਉਰਫ਼ ਵਰਿੰਦਰ ਨਾਰੰਗ, ਲਵਲੀ ਫੁਟੇਲਾ ਵਾਸੀ ਜਲਾਲਾਬਾਦ ਅਤੇ ਅੱਠ ਨਾਮਾਲੂਮ ਵਿਅਕਤੀਆਂ ’ਤੇ ਰੋਕ ਕੇ ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਦੋਸ਼ ਲਗਾਏ ਹਨ। ਈਟੀਓ ਐੱਚ.ਐੱਸ ਡਿੰਪਲ ਨੇ ਦੱਸਿਆ ਕਿ ਬੀਤੀ ਰਾਤ ਉਹ ਇੱਕ ਸੂਚਨਾ ਦੇ ਆਧਾਰ ’ਤੇ ਵਿਭਾਗੀ ਅਮਲੇ ਅਤੇ ਪੁਲੀਸ ਮੁਲਾਜ਼ਮਾਂ ਸਮੇਤ ਮੰਡੀ ਕਿੱਲਿਆਂਵਾਲੀ ਵਿੱਚ ਦਾਣਾ ਮੰਡੀ ਖੇਤਰ ਵਿੱਚ ਪੁੱਜੇ ਸਨ ਅਤੇ ਬਿਨਾਂ ਬਿੱਲ ਮਾਲ ਲਿਜਾਣ ਦੇ ਸ਼ੱਕ ਤਹਿਤ ਗੱਡੀ (ਪੀਬੀ03ਏ/8925) ਦਾ ਪਿੱਛਾ ਕਰ ਰਹੇ ਸਨ। ਦੋਸ਼ਾਂ ਮੁਤਾਬਕ ਇਸੇ ਵਿਚਕਾਰ ਉਕਤ ਵਿਅਕਤੀ ਗੱਡੀਆਂ ’ਤੇ ਆਏ। ਉਨ੍ਹਾਂ (ਵਿਭਾਗੀ ਟੀਮ) ਨੂੰ ਰੋਕ ਕੇ ਦੁਰਵਿਵਹਾਰ ਕੀਤਾ। ਈਟੀਓ ਨੇ ਕਿਹਾ ਕਿ ਜੇਕਰ ਇਹ ਵਿਅਕਤੀ ਵਿਭਾਗੀ ਟੀਮ ਨੂੰ ਨਾ ਰੋਕਦੇ ਤਾਂ ਗੱਡੀ ਨੂੰ ਫੜ ਕੇ ਚੈਕਿੰਗ ਕੀਤੀ ਜਾ ਸਕਦੀ ਸੀ।
ਦੂਜੇ ਪਾਸੇ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੁਝ ਜਥੇਬੰਦ ਵਿਅਕਤੀਆਂ ਦੇ ਵਹੀਕਲਾਂ ਰਾਹੀਂ ਬਿਨਾਂ ਬਿੱਲ ਤੋਂ ਮਾਲ ਲੰਘਾਉਣ ਦੀ ਸੂਚਨਾਵਾਂ ਹਨ, ਇਸੇ ਤਹਿਤ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ। ਕਿੱਲਿਆਂਵਾਲੀ ਚੌਕੀ ਦੇ ਮੁਖੀ ਭਗਵਾਨ ਸਿੰਘ ਨੇ ਦੱਸਿਆ ਇਸ ਮਾਮਲੇ ’ਚ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ।